ਯੂਪੀ ਦੇ ਲਖੀਮਪੁਰ ਖੀਰੀ ਦੇ ਬਨਬੀਰਪੁਰ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਤੋਂ ਪਹਿਲਾਂ ਵੱਡਾ ਹੰਗਾਮਾ ਹੋ ਗਿਆ। ਤਿਕੁਨੀਆ ਵਿੱਚ ਉਪ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਖੜ੍ਹੇ ਕਿਸਾਨਾਂ ਦੀ ਭਾਜਪਾ ਆਗੂਆਂ ਨਾਲ ਝੜਪ ਹੋ ਗਈ।
ਦੋਸ਼ ਹੈ ਕਿ ਇਸੇ ਦੌਰਾਨ ਮੁਜ਼ਾਹਰਾ ਕਰ ਰਹੇ ਕਿਸਾਨਾਂ ‘ਤੇ ਭਾਜਪਾ ਆਗੂਆਂ ਵਿੱਚੋਂ ਹੀ ਕਿਸੇ ਨੇ ਗੱਡੀ ਚੜ੍ਹਾ ਦਿੱਤੀ ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ। ਗੱਡੀ ਚੜ੍ਹਾਉਣ ਤੋਂ ਬਾਅਦ ਭੜਕੇ ਕਿਸਾਨਾਂ ਨੇ ਕਈ ਗੱਡੀਆਂ ਫੂਕ ਦਿੱਤੀਆਂ। ਇਸ ਘਟਨਾ ਵਿੱਚ ਦੋ ਤੋਂ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਐਤਵਾਰ ਨੂੰ ਲਖੀਮਪੁਰ-ਖੇੜੀ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦਾ ਇੱਕ ਪ੍ਰੋਗਰਾਮ ਸੀ। ਕੇਸ਼ਵ ਪ੍ਰਸਾਦ ਮੌਰੀਆ ਲਖੀਮਪੁਰ-ਖੀਰੀ ਵਿੱਚ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਵੀ ਜਾਣਾ ਸੀ।
ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਮਿਲਣ ‘ਤੇ ਕਿਸਾਨ ਆਗੂ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ। ਹਾਲਾਂਕਿ, ਕੇਸ਼ਵ ਪ੍ਰਸਾਦ ਮੌਰਿਆ ਦੇ ਆਉਣ ਤੋਂ ਪਹਿਲਾਂ ਹੀ ਕੁਝ ਭਾਜਪਾ ਨੇਤਾਵਾਂ ਅਤੇ ਕਿਸਾਨਾਂ ਵਿੱਚ ਹੰਗਾਮਾ ਹੋ ਗਿਆ। ਇਸੇ ਦੌਰਾਨ ਕਿਸੇ ਨੇ ਕਿਸਾਨਾਂ ‘ਤੇ ਕਾਰ ਚੜ੍ਹਾਈ। ਉਹ ਭਾਜਪਾ ਆਗੂ ਸੀ ਜਾਂ ਕੋਈ ਹੋਰ, ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਇਸ ਹਾਦਸੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਇਸ ਹਰਕਤ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਉੱਥੇ ਖੜ੍ਹੀਆਂ ਕਈ ਗੱਡੀਆਂ ਫੂਕ ਦਿੱਤੀਆਂ। ਹੰਗਾਮੇ ਦੇ ਮੱਦੇਨਜ਼ਰ ਮੌਕੇ ‘ਤੇ ਭਾਰੀ ਪੁਲਿਸ ਦਸਤਾ ਤਾਇਨਾਤ ਕੀਤਾ ਗਿਆ ਹੈ। ਲਖਨਊ ਤੋਂ ਕਮਿਸ਼ਨਰ ਅਤੇ ਆਈਜੀ ਮੌਕੇ ‘ਤੇ ਰਵਾਨਾ ਹੋ ਗਏ ਹਨ। ਘਟਨਾ ਤੋਂ ਬਾਅਦ ਸਥਾਨਕ ਅਧਿਕਾਰੀ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫੈਸਲਾ- ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਇਸ ਹਾਦਸੇ ਵਿੱਚ 3 ਕਿਸਾਨਾਂ ਦੀ ਮੌਤ ਹੋ ਗਈ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਟਵੀਟ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਦੇ ਪੁੱਤਰ ‘ਤੇ ਕਾਰ ਚੜ੍ਹਾਉਣ ਦਾ ਦੋਸ਼ ਲਾਇਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਤੋਂ ਲਖੀਮਪੁਰ-ਖੀਰੀ ਲਈ ਰਵਾਨਾ ਹੋਏ ਹਨ।