ਪਾਕਿਸਤਾਨ-ਸ਼੍ਰੀਲੰਕਾ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ 21 ਅਗਸਤ ਨੂੰ ਹੋ ਜਾਵੇਗਾ। ਟੀਮ ਚੁਣਨ ਲਈ ਅਜੀਤ ਅਗਰਕਰ ਦੀ ਅਗਵਾਈ ਵਾਲੀ ਸੀਨੀਅਰ ਪੁਰਸ਼ ਚੋਣ ਕਮੇਟੀ ਦੀ ਨਵੀਂ ਦਿੱਲੀ ਵਿਚ ਇਕ ਮਹੱਤਵਪੂਰਨ ਬੈਠਕ ਹੋਵੇਗੀ। ਬੈਠਕ ਵਿਚ ਰੋਹਿਤ ਸ਼ਰਮਾ ਤੋਂ ਇਲਾਵਾ ਕੋਚ ਰਾਹੁਲ ਦ੍ਰਵਿੜ ਵੀ ਸ਼ਾਮਲ ਹੋਣਗੇ। ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਨਵਾਂ ਉਪ ਕਪਤਾਨ ਬਣਾਇਆ ਜਾਵੇਗਾ।
ਹੁਣੇ ਜਿਹੇ ਮੈਚਾਂ ਵਿਚ ਰੋਹਿਤ ਸ਼ਰਮਾ ਦੀ ਗੈਰ-ਹਾਜ਼ਰੀ ਵਿਚ ਆਲਰਾਊਂਡਰ ਹਾਰਦਿਕ ਪਾਂਡੇਯਾ ਨੇ ਵਨਡੇ ਟੀਮ ਦੀ ਕਪਤਾਨੀ ਕੀਤੀ ਹੈ।ਉਹ ਟੀ-20 ਫਾਰਮੇਟ ਵਿਚ ਵੀ ਟੀਮ ਦੀ ਅਗਵਾਈ ਕਰ ਰਹੇ ਹਨ। ਚੋਣ ਕਮੇਟੀ ਦੀ ਬੈਠਕ ਲਈ ਦ੍ਰਵਿੜ ਦਿੱਲੀ ਵਿਚ ਮੌਜੂਦ ਰਹਿਣਗੇ। ਕਪਤਾਨ ਰੋਹਿਤ ਮੁੰਬਈ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਾਮਲ ਹੋ ਸਕਦੇ ਹਨ। ਬੈਠਕ ਵਿਚ ਰਾਸ਼ਟਰੀ ਚੋਣਕਰਤਾ ਸ਼ਿਵਸੁੰਦਰ ਦਾਸ ਵੀ ਵਰਚੂਅਲੀ ਸ਼ਾਮਲ ਹੋਣਗੇ। ਉਹ ਇਸ ਸਮੇਂ ਭਾਰਤੀ ਟੀਮ ਨਾਲ ਆਇਰਲੈਂਡ ਵਿਚ ਹਨ।
ਜੇਕਰ ਦ੍ਰਵਿੜ ਬੈਠਕ ਵਿਚ ਸ਼ਾਮਲ ਹੁੰਦੇ ਹਨ ਤਾਂ ਇਹ BCCI ਦੀ ਪ੍ਰੰਪਰਾ ਦਾ ਉਲੰਘਣ ਹੋਵੇਗਾ ਕਿਉਂਕਿ ਭਾਰਤੀ ਕੋਚ ਟੀਮ ਦੀ ਚੋਣ ਲਈ ਹੋਣ ਵਾਲੀ ਬੈਠਕ ਵਿਚ ਸ਼ਾਮਲ ਨਹੀਂ ਹੁੰਦੇ ਹਨ। ਰਵੀ ਸ਼ਾਸਤਰੀ ਤੇ ਅਨਿਲ ਕੁੰਬਲੇ ਰਾਸ਼ਟਰੀ ਕੋਚ ਵਜੋਂ ਆਪਣੇ ਕਾਰਜਕਾਲ ਦੌਰਾਨ ਚੋਣ ਕਮੇਟੀ ਦੀਆਂ ਬੈਠਕਾਂ ਦਾ ਹਿੱਸਾ ਨਹੀਂ ਸਨ।
ਜਿਥੋਂ ਤੱਕ ਵਿਸ਼ਵ ਕੱਪ ਲਈ ਟੀਮ ਚੁਣੇ ਜਾਣ ਦੀ ਗੱਲ ਹੈ ਤਾਂ ਆਈਸੀਸੀ ਦੀ ਸਮਾਂ ਸੀਮਾ 5 ਸਤੰਬਰ ਹੈ। ਫਿਲਹਾਲ ਚੋਣ ਕਰਤਾਵਾਂ ਵੱਲੋਂ ਸਿਰਫ ਏਸ਼ੀਆ ਕੱਪ ਲਈ ਟੀਮ ਚੁਣਨ ਦੀ ਸੰਭਾਵਨਾ ਹੈ। ਖਾਸ ਗੱਲ ਹੈ ਕਿ ਏਸ਼ੀਆ ਕੱਪ ਲਈ ਜੋ ਟੀਮ ਚੁਣੀ ਜਾਵੇਗੀ ਉਸ ਦੇ ਜ਼ਿਆਦਾਤਰ ਖਿਡਾਰੀ ਵਿਸ਼ਵ ਕੱਪ ਵਿਚ ਵੀ ਹਿੱਸਾ ਲੈਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਦੇ ਚੋਣ ਕਰਤਾ 15 ਜਾਂ 17 ਮੈਂਬਰੀ ਟੀਮ ਚੁਣਦੇ ਹਨ ਜਾਂ ਨਹੀਂ। ਵਿਸ਼ਵ ਕੱਪ ਦੇ ਉਲਟ ਏਸ਼ੀਆ ਕੱਪ ਦੇ ਨਿਯਮ 17 ਮੈਂਬਰੀ ਟੀਮ ਦੀ ਇਜਾਜ਼ਤ ਦਿੰਦੇ ਹਨ। ਬੰਗਲਾਦੇਸ਼ ਤੇ ਪਾਕਿਸਾਤਨ ਨੇ 17 ਮੈਂਬਰੀ ਟੀਮ ਚੁਣੀ ਹੈ।
ਵੀਡੀਓ ਲਈ ਕਲਿੱਕ ਕਰੋ -: