ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਨੂੰ ਲੈ ਕੇ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਸਮਝੌਤੇ ’ਤੇ ਦਸਤਖ਼ਤ ਕੀਤੇ।
ਸਮਝੌਤਾ ਦਸਤਖਤ ਕਰਨ ਤੋਂ ਬਾਅਦ ‘ਆਪ’ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਸਰਕਾਰ ਨਾਲ ਗਿਆਨ ਸਾਂਝਾ ਕਰਨ ਦੇ ਸਮਝੌਤੇ ‘ਤੇ ਦਸਤਖਤ ਕੀਤੇ, ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਪ੍ਰਯੋਗ ਹੈ ਕਿ ਗਿਆਨ ਸਾਂਝਾ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇੱਕ ਦੂਜੇ ਦੇ ਚੰਗੇ ਕੰਮਾਂ ਤੋਂ ਸਿੱਖਾਂਗੇ।
ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੋਵੇਂ ਮੁੱਖ ਮੰਤਰੀਆਂ ਵੱਲੋਂ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਦਸਤਖਤ ਮਗਰੋਂ CM ਮਾਨ ਨੇ ਕਿਹਾ ਕਿ ਇਸ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਰਾਹੀਂ ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਪੰਜਾਬ ਨੂੰ ਪਹਿਲਾਂ ਐੱਨ.ਡੀ.ਏ ਲਈ ਜਾਣਿਆ ਜਾਂਦਾ ਸੀ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੋਫੋਰਨੀਆ, ਲੰਡਨ ਨਹੀਂ। ਇਤਿਹਾਸ ’ਚ ਸਾਡਾ ਵੀ ਨਾਮ ਆਵੇਗਾ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਵੀ ਦਿੱਲੀ ਮਾਡਲ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਵਾਂ ਦੀ ਪੂਰੇ ਦੇਸ਼ ’ਚ ਚਰਚਾ ਹੈ। ਇਨ੍ਹਾਂ ਸਹੂਲਤਾਵਾਂ ਨੂੰ ਲੈ ਕੇ ਹੀ ਅੱਜ ਇਹ ਸਮਝੌਤਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਤੋਂ ਸਿੱਖ ਕੇ ਪੰਜਾਬ ’ਚ ਵੀ ਚੰਗੇ ਕੰਮ ਕੀਤੇ ਜਾਣਗੇ ਅਤੇ ਪੰਜਾਬ ’ਚ ਹੋਏ ਕੰਮਾਂ ਤੋਂ ਦਿੱਲੀ ਵੀ ਸੇਧ ਲਵੇਗੀ। ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਬਹੁਤ ਸਾਰੇ ਚੰਗੇ ਕੰਮ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: