ਲੁਧਿਆਣਾ ਦੇ RTA ਨਰਿੰਦਰ ਧਾਲੀਵਾਲ ਦੀ ਗ੍ਰਿਫਤਾਰੀ ਖਇਲਾਫ ਸੂਬੇ ਦੇ PCS ਅਧਿਕਾਰੀ ਸਾਮੂਹਿਕ ਛੁੱਟੀ ‘ਤੇ ਚਲੇ ਗਏ ਹਨ। ਕਈ ਜ਼ਿਲ੍ਹਿਆਂ ਦੇ ਦਫਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ। ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿਤਾਵਨੀ ਦਿੰਦਿਆਂ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ PCS ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਸੀ.ਐੱਮ. ਮਾਨ ਨੇ ਪੀਸੀਐਸ ਅਧਿਕਾਰੀਆਂ ਨੂੰ ਹੜਤਾਲ ਖਤਮ ਕਰਕੇ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ, ਅਜਿਹਾ ਨਾ ਕਰਨ ’ਤੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।
ਇੱਕ ਟਵੀਟ ਵਿੱਚ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਮੰਤਰੀ ਹੋਵੇ, ਸੰਤਰੀ ਹੋਵੇ ਜਾਂ ਮੇਰਾ ਆਪਣਾ ਰਿਸ਼ਤੇਦਾਰ, ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।
ਮੁੱਖ ਸਕੱਤਰ ਵੀ.ਕੇ. ਜੰਜੂਆ ਨੂੰ ਲਿਖੇ ਇੱਕ ਅਧਿਕਾਰਤ ਪੱਤਰ ਵਿੱਚ ਉਨ੍ਹਾਂ ਨੇ ਉਨ੍ਹਾਂ ਸਾਰੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਸਸਪੈਂਡ ਕਰਨ ਲਈ ਕਿਹਾ ਹੈ ਜੋ ਦਿੱਤੇ ਗਏ ਸਮੇਂ ਵਿੱਚ ਆਪਣੀ ਡਿਊਟੀ ਵਿੱਚ ਸ਼ਾਮਲ ਨਹੀਂ ਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ/ਕਰਮਚਾਰੀ ਦਬਾਅ ਪਾ ਕੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਰਾਜ ਸਰਕਾਰ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਰਮਚਾਰੀਆਂ ਦੀ ਇਹ ਕਾਰਵਾਈ “ਬਲੈਕਮੇਲਿੰਗ ਅਤੇ ਬਾਂਹ ਮਰੋੜਨਾ” ਹੈ। ਉਨ੍ਹਾਂ ਕਿਹਾ ਕਿ ਸਾਡੀ ਭ੍ਰਿਸ਼ਟਾਚਾਰ ਨੂੰ ਜ਼ੀਰੋ ਟੋਲਰੈਂਸ ਹੈ। ਹੜਤਾਲ ਕਿਸੇ ਵੀ ਜ਼ਿੰਮੇਵਾਰ ਸਰਕਾਰ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਧਰਨਾ, NHAI ਪਹੁੰਚਿਆ ਹਾਈਕੋਰਟ, ਸੁਰੱਖਿਆ ਦੀ ਲਾਈ ਗੁਹਾਰ
ਦੱਸ ਦੇਈਏ ਕਿ PCS ਆਫੀਸਰਸ ਐਸੋਸੀਏਸ਼ਨ ਦੇ ਸਮਰਥਨ ਵਿਚ ਮੰਗਲਵਾਰ ਨੂੰ ਟੈਕਸੇਸ਼ਨ ਵਿਭਾਗ ਦੇ ਅਫਸਰਾਂ ਨੇ ਵੀ ਸਾਮੂਹਿਕ ਤੌਰ ‘ਤੇ ਛੁੱਟੀ ਲਈ ਹੈ। ਇਸ ਤੋਂ ਇਲਾਵਾ ਮਾਲੀਆ ਵਿਭਾਗ, ਟਰਾਂਸਪੋਰਟ ਵਿਭਾਗ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਦੇ ਆਰ.ਟੀ.ਏ. ਦਫਤਰਾਂ ਦੇ ਕਰਮਚਾਰੀ ਸੰਗਠਨਾਂ, ਪੀ.ਐੱਸ.ਬੀ. ਇੰਜੀਨੀਅਰਸ, ਨਗਰ ਨਿਗਮਾਂ ਦੇ ਕਰਮਚਾਰੀ ਸੰਗਠਨਾਂ ਨੇ ਪੀ.ਸੀ.ਐੱਸ. ਦੀ ਹੜਤਾਲ ਦਾ ਸਮਰਥਨ ਕੀਤਾ ਹੈ।
ਕਈ ਜ਼ਿਲ੍ਹਿਆਂ ਵਿੱਚ ਦਫਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਹੜਤਾਲ ਦੇ ਚੱਲਦਿਆਂ ਸੂਬੇ ਦੇ ਸੇਵਾ ਕੇਂਦਰਾਂ ਵਿੱਚ ਵੀ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੱਕ ਵੀ ਥਾਂ ਰਜਿਸਟਰੀ ਦਾ ਕੰਮ ਨਹੀਂ ਹੋਇਆ। ਇਸ ਦੇ ਚੱਲਦੇ ਸੂਬਾ ਸਰਕਾਰ ਨੂੰ ਲੱਖਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ।
ਵੀਡੀਓ ਲਈ ਕਲਿੱਕ ਕਰੋ -: