ਪੰਜਾਬ ਵਿੱਚ ਮੰਤਰੀ ਦੇ ਅਹੁਦੇ ਤੋਂ ਬਾਅਦ ਹੁਣ ਮੰਤਰਾਲੇ ਦੇ ਸਬੰਧ ਅਖੀਰ ਨਬੇੜਾ ਹੋ ਗਿਆ ਹੈ ਤੇ ਮੁੱਖ ਮੰਤਰੀ ਤੋਂ ਇਲਾਵਾ ਡਿਪਟੀ ਮੁੱਖ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਕੋਲ ਵਿਜੀਲੈਂਸ, ਪਰਸੋਲਨ, ਆਮ ਪ੍ਰਸ਼ਾਸ਼ਨਿਕ ਵਿਭਾਗ, ਸੂਚਨਾ ਤੇ ਪਬਲਿਕ ਰਿਲੇਸ਼ਨ, ਟੂਰਿਜ਼ਮ ਵਿਭਾਗ, ਬਿਜਲੀ ਵਿਭਾਗ, ਹੋਸਪਿਟੈਲਿਟੀ, ਐਕਸਾਈਜ਼ ਵਿਭਾਗ, ਮਾਈਨਿੰਗ ਤੇ ਵਾਤਾਵਰਣ ਸਣੇ 14 ਵਿਭਾਗ ਰੱਖੇ ਹਨ।
ਉਥੇ ਹੀ ਹੋਮ ਮਨਿਸਟਰੀ ਨੂੰ ਲੈ ਕੇ ਪਿਆ ਰੇੜਕਾ ਵੀ ਖਤਮ ਹੋ ਗਿਆ। ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਖੀਰ ਗ੍ਰਹਿ ਵਿਭਾਗ ਮਿਲ ਹੀ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਆਪ੍ਰੇਸ਼ਨ ਤੇ ਜੇਲ੍ਹ ਵਿਭਾਗ ਦਿੱਤੇ ਗਏ ਹਨ। ਦੂਜੇ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਕਲਿਆਣ, ਸੁਰੱਖਿਆ ਸੇਵਾ ਕਲਿਆਣ, ਤੇ ਫਰੀਡਮ ਫਾਈਟਰਸ ਵਿਭਾਗ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰ, ਪਾਰਲੀਮੈਂਟਰੀ ਅਫੇਅਰ, ਇਲੈਕਸ਼ਨਸ ਤੇ ਇੱਕ ਹੋਰ ਮਹਿਕਮਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਵਿਭਾਗ, ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰਾਲਾ, ਟੈਕਸੇਸ਼ਨ ਵਿਭਾਗ, ਪਲਾਨਿੰਗ ਤੇ 2 ਹੋਰ ਮਹਿਕਮੇ, ਤ੍ਰਿਪਤ ਰਾਜਿੰਦਰ ਬਾਜਵਾ ਨੂੰ ਪੰਚਾਇਤੀ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਤੇ ਡਾਇਰੀ ਵਿਭਾਗ, ਅਰੁਣਾ ਚੌਧਰੀ ਨੂੰ ਰੈਵੇਨਿਊ, ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦਿੱਤਾ ਗਿਆ ਹੈ।
ਸੁੱਖ ਸਰਕਾਰੀਆਂ ਨੂੰ ਜਲ ਵਿਭਾਗ, ਹਾਊਸਿੰਗ ਤੇ ਅਰਬਨ ਡਿਵੇਪਮੈਂਟ ਵਿਭਾਗ, ਰਾਣਾ ਗੁਰਜੀਤ ਨੂੰ ਟੈਕਨੀਕਲ, ਸਿੱਖਿਆ ਵਿਭਾਗ ਤੇ ਉਦਯੋਗਿਕ ਸਿਖਲਾਈ, ਹੌਰਟੀਕਲਚਰ ਤੇ ਰੁਜ਼ਗਾਰ ਤੇ ਇੱਕ ਹੋਰ ਮਹਿਕਮਾ, ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸੋਸ਼ਲ ਸਿਕਿਉਰਿਟੀ, ਮਹਿਲਾ ਤੇ ਬਾਲ ਵਿਕਾਸ ਤੇ ਇਕ ਹੋਰ ਮਹਿਕਮਾ, ਵਿਜੇ ਇੰਦਰ ਸਿੰਗਲਾ ਨੂੰ ਪਬਲਿਕ ਵਰਕਸ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ, ਭਾਰਤ ਭੂਸ਼ਣ ਆਸ਼ੂ ਨੂੰ ਫੂਡ, ਸਿਵਲ ਸਪਲਾਈ ਤੇ ਖਪਤ ਵਿਭਾਗ, ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਤੇ ਕਿਸਾਨ ਵੈੱਲਫੇਅਰ ਤੇ ਫੂਡ ਪ੍ਰੋਸੈਸਿੰਗ ਵਿਭਾਗ, ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ-ਗਿਣਤੀ, ਊਰਜਾ ਸੋਮਿਆਂ ਦਾ ਮਹਿਕਮਾ ਤੇ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਵਿਭਾਗ, ਦਿੱਤਾ ਗਿਆ ਹੈ।
ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜੀਵਨ ਵਿਭਾਗ ਦਿੱਤਾ ਗਿਆ ਹੈ। ਪਰਗਟ ਸਿੰਘ ਨੂੰ ਸਕੂਲੀ ਤੇ ਉੱਚ ਸਿੱਛ ਸਿੱਖਾ, ਖੇਡ ਤੇ ਨੌਜਵਾਨ ਸੇਵਾਵਾਂ ਤੇ ਐਨਆਰਆਈ ਮਾਮਲਿਆਂ ਦਾ ਵਿਭਾਗ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਤੇ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀਜ਼ ਤੇ ਕਾਮਰਸ, ਸੂਚਨਾ ਤਕਨਾਲੋਜੀ ਤੇ ਸਾਇੰਸ ਐਂਡ ਤਕਨਾਲੋਜੀ ਵਿਭਾਗ ਦਿੱਤੇ ਗਏ ਹਨ।
ਦੱਸ ਦੇਈਏ ਕਿ ਹੋਮ ਮਨਿਸਟਰੀ ਨੂੰ ਲੈ ਕੇ ਚੰਨੀ ਕੈਬਨਿਟ ਵਿੱਚ ਅਜੇ ਵੀ ਰੇੜਕਾ ਜਾਰੀ ਸੀ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਮਰਥਕ ਵਿਧਾਇਕ ਚਾਹੁੰਦੇ ਹਨ ਕਿ ਗ੍ਰਹਿ ਵਿਭਾਗ ਰੰਧਾਵਾ ਨੂੰ ਦਿੱਤਾ ਜਾਵੇ। ਉਹ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਸਨ। ਇਸ ਦੇ ਉਲਟ ਨਵਜੋਤ ਸਿੱਧੂ ਇਸ ਲਈ ਤਿਆਰ ਨਹੀਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਭਾਗ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਹੀ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : CM ਚੰਨੀ ਨੇ ਰਾਣਾ ਕੇਪੀ ਸਿੰਘ ਨੂੰ ਦਿੱਤਾ Surprise, ਅਚਾਨਕ ਪਹੁੰਚੇ ਸਪੀਕਰ ਸਾਹਿਬ ਦੇ ਘਰ
ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੇ ਇਸ ਦਬਾਅ ਨੂੰ ਸਿਆਸੀ ਤੌਰ ‘ਤੇ ਵੀ ਦੇਖਿਆ ਜਾ ਰਿਹਾ ਹੈ। ਜੇਕਰ ਰੰਧਾਵਾ ਪੁਲਿਸ ਰਾਹੀਂ ਵੱਡੇ ਮਾਮਲਿਆਂ ‘ਚ ਕਾਰਵਾਈ ਕਰ ਗਈ ਤਾਂ ਉਸ ਦੇ ਸਾਹਮਣੇ ਸਿੱਧੂ ਦੀ ਸਿਆਸੀ ਚਮਕ ਫਿੱਕੀ ਪੈ ਸਕਦੀ ਹੈ। ਇਸ ਟਕਰਾਅ ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ ਨੇ ਹਾਈਕਮਾਨ ਨਾਲ ਸੰਪਰਕ ਕੀਤਾ ਸੀ।