ਅੰਮ੍ਰਿਤਸਰ : ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਇਲਾਕਿਆਂ ਵਿੱਚੋਂ ਇੱਕ ਰਣਜੀਤ ਐਵੇਨਿਊ ਵਿਖੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ। ਹੈਂਡ ਗ੍ਰਨੇਡ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਬੰਬ ਨਿਰੋਧਕ ਦਸਤਾ ਵੀ ਪਹੁੰਚ ਗਿਆ ਹੈ, ਜੋ ਹੈਂਡ ਗ੍ਰਨੇਡ ਦੀ ਜਾਂਚ ਕਰ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਣਜੀਤ ਐਵਨਿਊ ਵਿਖੇ ਹੋ ਰਹੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਖਾਲੀ ਪਲਾਟ ਦੇ ਸਾਹਮਣੇ ਹੈਂਡ ਗਰਨੇਡ ਮਿਲਣ ਨਾਲ ਲੋਕਾਂ ਵਿਚ ਦਹਿਸ਼ਤ ਹੈ। ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਹੈਂਡ ਗਰਨੇਡ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੰਬ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਹੀ ਟਿਫਿਨ ਬੰਬ ਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ ਜਿਸ ਕਾਰਨ ਸੂਬੇ ਭਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ ਤੇ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਲਤ ਗਤੀਵਿਧੀਆਂ ‘ਤੇ ਸੁਰੱਖਿਆ ਏਜੰਸੀਆਂ ਨੇ ਲਗਾਤਾਰ ਨਜ਼ਰ ਬਣਾਈ ਰੱਖੀ ਹੈ।