ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ। ਰਿੰਦਾ ਨੂੰ ਲਾਹੌਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਪਰ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਮਿਲਟਰੀ ਹਸਪਤਾਲ ਸ਼ਿਫਟ ਕਰਨਾ ਪਿਆ। ਇਥੇ ਵੀ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ ਅਤੇ ਉਸ ਦੀ ਮੌਤ ਹੋ ਗਈ।
ਹਾਲਾਂਕਿ ਇਸ ਦੀ ਸਰਕਾਰ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਖੁਫੀਆ ਏਜੰਸੀਆਂ ਨੂੰ ਇਸ ਨੂੰ ਲੈ ਕੇ ਵੀ ਨਜ਼ਰ ਰਖਣੀ ਪਏਗੀ ਕਿ ਕਿਤੇ ਇਹ ਅਫਵਾਹ ਤਾਂ ਨਹੀਂ ਫੈਲਾਈ ਗਈ ਕਿ ਮੌਤ ਦਾ ਨਾਟਕ ਰਚ ਕੇ ਕਿਸੇ ਹੋਰ ਨਾਂ ਤੋਂ ਫਿਰ ਪੰਜਾਬ ਵਿੱਚ ਅੱਤਵਾਦੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਨਾ ਲੱਗ ਜਾਵੇ।
ਦੱਸ ਦੇਈਏ ਕਿ ਪੰਜਾਬ ਸਰਕਾਰ ਤੇ ਏਜੰਸੀਆਂ ਵੱਲੋਂ ਲੰਮੇ ਸਮੇਂ ਤੋਂ ਰਿੰਦਾ ਦੀ ਭਾਲ ਕੀਤੀ ਜਾ ਰਹੀ ਸੀ। ਉਸ ਨੇ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਸ ਦਾ ਨੈਟਵਰਕ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਦਿੱਲੀ ਜਾ ਰਹੀ 35 ਸਵਾਰੀਆਂ ਵਾਲੀ ਬੱਸ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ
ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਗਾਇਕ ਨੂੰ ਰਿੰਦਾ ਵੱਲੋਂ ਵੀ ਫੋਨ ‘ਤੇ ਧਮਕੀ ਮਿਲੀ ਸੀ। ਇਸ ਦੇ ਨਾਲ ਹੀ ਐਨਕਾਊਂਟਰ ਵਿੱਚ ਮਾਰੇ ਗਏ ਦੋ ਸ਼ੂਟਰ ਮਨੂ ਤੇ ਜਗਰੂਪ ਰੂਪਾ ਬਾਰੇ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਬਾਰਡਰ ਪਾਰ ਕਰਕੇ ਜਾਣਾ ਸੀ।
ਰਿੰਦਾ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਚੁੱਕਾ ਸੀ ਅਤੇ ਪਾਕ ਖੁਫੀਆ ਏਜੰਸੀ ISI ਨੇ ਵੀ ਰਿੰਦਾ ਨੂੰ ਆਪਣੇ ਨਾਲ ਜੋੜ ਲਿਆ ਸੀ। ਰਿੰਦਾ ਰਾਹੀਂ ਪੰਜਾਬ ਵਿੱਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਸਪਲਾਈ ਸ਼ੁਰੂ ਕੀਤੀ ਗਈ ਸੀ। NIA ਨੇ ਦੋ ਮਹੀਨੇ ਪਹਿਲਾਂ ਉਸ ‘ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਵੀਡੀਓ ਲਈ ਕਲਿੱਕ ਕਰੋ -: