ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਫਿਦਾਈਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਲਾਈਨਜ਼ ‘ਚ ਬਣੀ ਮਸਜਿਦ ਦੇ ਅੰਦਰ ਧਮਾਕਾ ਹੋਇਆ ਹੈ। ਇਸ ਹਮਲੇ ‘ਚ ਕਈ ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ, ਹੁਣ ਤੱਕ 17 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ 90 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਫੌਜ ਨੇ ਇਲਾਕੇ ਨੂੰ ਘੇਰ ਲਿਆ ਹੈ।
ਜਾਕਾਰੀ ਮੁਤਾਬਕ ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਇਸ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਪੁਲਿਸ ਲਾਈਨ ‘ਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਧੂੜ ਅਤੇ ਧੂੰਏਂ ਦੇ ਬੱਦਲ ਛਾ ਗਏ। ਇਸ ਤੋਂ ਬਾਅਦ ਗੋਲੀਬਾਰੀ ਦੀਆਂ ਆਵਾਜ਼ਾਂ ਆਉਣ ਲੱਗੀਆਂ। ਚਸ਼ਮਦੀਦ ਮੁਤਾਬਕ ਨਮਾਜ਼ ਦੇ ਸਮੇਂ ਮਸਜਿਦ ‘ਚ ਕਰੀਬ 500 ਤੋਂ 550 ਲੋਕ ਮੌਜੂਦ ਸਨ।
ਹਮਲਾਵਰ ਸੱਭ ‘ਤੋਂ ਅੱਗੇ ਦੀ ਕਤਾਰ ਵਿੱਚ ਮੌਜੂਦ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਵਿਅਕਤੀ ਪੁਲਿਸ ਲਾਈਨ ਕਿਵੇਂ ਪਹੁੰਚਿਆ, ਕਿਉਂਕਿ ਇੱਥੇ ਦਾਖਲ ਹੋਣ ਲਈ ਗੇਟ ਪਾਸ ਦਿਖਾਉਣਾ ਪੈਂਦਾ ਹੈ। ਮਸਜਿਦ ਢਹਿ ਗਈ ਹੈ ਅਤੇ ਇਸ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।
ਸਾਰੇ ਜ਼ਖਮੀਆਂ ਦਾ ਇਲਾਜ ਪੇਸ਼ਾਵਰ ਦੇ ਲੇਡੀ ਹਾਰਡਿੰਗ ਹਸਪਤਾਲ ‘ਚ ਚੱਲ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਜਲਦੀ ਤੋਂ ਜਲਦੀ ਖੂਨਦਾਨ ਕਰਨ ਲਈ ਹਸਪਤਾਲ ਪਹੁੰਚਣਾ ਚਾਹੀਦਾ ਹੈ। ਇਸ ਦੌਰਾਨ ਫੌਜੀ ਡਾਕਟਰਾਂ ਦੀ ਟੀਮ ਵੀ ਇਸ ਹਸਪਤਾਲ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ CM ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸਿਆ ਤੰਜ
ਮੀਡੀਆ ਰਿਪੋਰਟ ਮੁਤਾਬਕ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਹਿਰੀਕ-ਏ-ਤਾਲਿਬਾਨ (TTP) ਪਾਕਿਸਤਾਨ ਦਾ ਇਸ ਇਲਾਕੇ ‘ਚ ਕਾਫੀ ਪ੍ਰਭਾਵ ਹੈ ਅਤੇ ਪਿਛਲੇ ਦਿਨੀਂ ਇਸ ਸੰਗਠਨ ਨੇ ਇੱਥੇ ਹਮਲੇ ਦੀ ਧਮਕੀ ਵੀ ਦਿੱਤੀ ਸੀ। ਘਟਨਾ ਤੋਂ ਬਾਅਦ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਵਿਚ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: