ਕੜਾਕੇ ਦੀ ਪੈ ਰਹੀ ਗਰਮੀ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 15 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਇਸ ਦਾ ਅਸਰ ਨਾ ਪਏ, ਇਸ ਲਈ 16 ਮਈ ਤੋਂ ਲੈ ਕੇ 31 ਮਈ ਤੱਕ ਵਿਦਿਆਰਥੀਆਂ ਦੀਆਂ ਕਲਾਸਾਂ ਆਨਲਾਈਨ ਲਾਈਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਇਹ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ 2 ਮਈ ਤੋਂ ਲੈ ਕੇ 14 ਮਈ ਤੱਕ ਸਕੂਲ ਲੱਗਣ ਦਾ ਸਮਾਂ ਵੀ ਘਟਾ ਦਿੱਤਾ ਗਿਆ ਹੈ। 2 ਮਈ ਤੋਂ ਲੈ ਕੇ 14 ਮਈ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਇਮਰੀ ਕਲਾਸਾਂ ਲੱਗਣ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਰਹੇਗਾ, ਜਦਕਿ ਮਿਡਲ/ ਹਾਈ ਤੇ ਸੀਨੀਅਰ ਸੈਕੰਡਰੀ ਕਲਾਸਾਂ ਦਾ ਸਵੇਰੇ 7 ਵਜੇ ਤੋਂ ਬਾ. ਦੁਪਹਿਰ 12.30 ਵਜੇ ਤੱਕ ਲੱਗਣਗੀਆਂ।
ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਹੀ ਗਰਮੀ ਨੇ ਵੱਟ ਕੱਢੇ ਹੋਏ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਤੱਕ ਵੀ ਦਰਜ ਕੀਤਾ ਗਿਆ ਹੈ। ਅਜਿਹੇ ‘ਚ ਗਰਮੀ ਕਰਕੇ ਬੱਚਿਆਂ ਦੀ ਸਿਹਤ ‘ਤੇ ਵੀ ਅਸਰ ਪੈ ਰਿਹਾ ਹੈ। ਬੱਚਿਆਂ ਨੂੰ ਸਿਖਰ ਦੁਪਹਿਰ ਭਾਰੀ ਬਸਤੇ ਲੈ ਕੇ ਘਰਾਂ ਨੂੰ ਪਰਤਣਾ ਪੈਂਦਾ ਹੈ, ਜਿਸ ਕਰਕੇ ਛੋਟੇ ਬੱਚਿਆਂ ਦੀ ਸਿਹਤ ‘ਤੇ ਵੀ ਅਸਰ ਪੈ ਰਿਹਾ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ, ਕਲਾਸਾਂ ਦਾ ਸਮਾਂ ਘਟਾਉਣ ਤੇ ਆਨਲਾਈਨ ਕਲਾਸਾਂ ਲਾਉਣ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਮਈ ਦੇ ਸ਼ੁਰੂ ਵਿੱਚ ਮੀਂਹ ਪੈ ਸਕਦਾ ਹੈ। 2 ਅਤੇ 3 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਤੋਂ ਬਾਅਦ ਗਰਮੀ ਇਕ ਵਾਰ ਫਿਰ ਜ਼ੋਰ ਫੜਨੀ ਸ਼ੁਰੂ ਹੋ ਜਾਵੇਗੀ। ਇਸ ਵਾਰ ਮਈ ਮਹੀਨੇ ਵਿੱਚ ਤਾਪਮਾਨ 47 ਡਿਗਰੀ ਦੇ ਨੇੜੇ ਜਾਣ ਦੀ ਸੰਭਾਵਨਾ ਹੈ ਅਤੇ ਗਰਮੀ ਦੀ ਲਹਿਰ ਦਾ ਅਸਰ ਪੂਰਾ ਮਹੀਨਾ ਦੇਖਣ ਨੂੰ ਮਿਲੇਗਾ।