ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਵੀਰਵਾਰ ਨੂੰ ਸੈਮੀਫਾਈਨਲ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਧੀਆ ਸਕੋਰ ਬਣਾਇਆ। ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਨੇ ਅਰਧ ਸੈਂਕੜੇ ਖੇਡੇ। ਪਰ ਇਸ ਤੋਂ ਬਾਅਦ ਇੰਝ ਲੱਗਾ ਜਿਵੇਂ ਮੈਦਾਨ ‘ਤੇ ਤੂਫਾਨ ਆ ਗਿਆ ਹੋਵੇ। ਇੰਗਲਿਸ਼ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਐਲੇਕਸ ਹੇਲਸ ਦੀ ਹਮਲਾਵਰ ਬੱਲੇਬਾਜ਼ੀ ਦੇ ਸਾਹਮਣੇ ਭਾਰਤੀ ਤੇਜ਼ ਗੇਂਦਬਾਜ਼ ਇਸ ਤਰ੍ਹਾਂ ਖਿੰਡਰ ਗਏ, ਜਿਵੇਂ ਹਵਾ ਮਹਿਲ ਹੋਵੇ। ਹੁਣ ਵਿਸ਼ਵ ਕੱਪ ਦਾ ਫਾਈਨਲ ਐਤਵਾਰ ਨੂੰ ਹੋਵੇਗਾ, ਜਿਸ ‘ਚ ਇੰਗਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।
20ਵੇਂ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਸ਼ੁਰੂ ਤੋਂ ਹੀ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਬਣਾਇਆ। ਸ਼ੁਰੂਆਤ ‘ਚ ਭਾਰਤੀ ਬੱਲੇਬਾਜ਼ਾਂ ਨੇ ਕਿੰਨੀ ਹੌਲੀ ਬੱਲੇਬਾਜ਼ੀ ਕੀਤੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੀਮ ਦੇ ਸਕੋਰ ਨੂੰ 100 ਤੱਕ ਪਹੁੰਚਣ ‘ਚ 15 ਓਵਰ ਲੱਗੇ। ਭਾਰਤ ਨੇ ਆਖਰੀ 5 ਓਵਰਾਂ ਵਿੱਚ 68 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਦੇ 168/6 ਦੇ ਜਵਾਬ ਵਿੱਚ ਇੰਗਲੈਂਡ ਨੂੰ 169 ਦੌੜਾਂ ਦੀ ਚੁਣੌਤੀ ਮਿਲੀ।
ਭਾਰਤੀ ਓਪਨਰ ਬੱਲੇਬਾਜ਼ ਕੇਐਲ ਰਾਹੁਲ 5 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰੋਹਿਤ ਨੇ 28 ਗੇਂਦਾਂ ‘ਤੇ 27 ਦੌੜਾਂ ਦੀ ਸੁਸਤ ਪਾਰੀ ਖੇਡੀ। ਸੂਰਿਆਕੁਮਾਰ ਦਾ ਜਾਦੂ ਸੈਮੀਫਾਈਨਲ ‘ਚ ਵੀ ਨਹੀਂ ਚੱਲ ਸਕਿਆ। ਉਹ 10 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤ ਨੇ 12ਵੇਂ ਓਵਰ ‘ਚ 75 ਦੌੜਾਂ ‘ਤੇ ਤੀਜਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਨੇ 61 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਵਿਰਾਟ 40 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਆਊਟ ਹੋ ਗਏ। ਪੰਡਯਾ ਨੇ 33 ਗੇਂਦਾਂ ‘ਤੇ 63 ਦੌੜਾਂ ਬਣਾਈਆਂ ਅਤੇ ਪਾਰੀ ਦੀ ਆਖਰੀ ਗੇਂਦ ‘ਤੇ ਆਊਟ ਹੋ ਗਏ। ਰਿਸ਼ਭ ਪੰਤ 4 ਗੇਂਦਾਂ ‘ਚ 6 ਦੌੜਾਂ ਹੀ ਬਣਾ ਸਕੇ।
ਇਹ ਵੀ ਪੜ੍ਹੋ : ਪ੍ਰਦੀਪ ਦੇ ਕਤਲ ‘ਤੇ ਡੇਰਾ ਸੱਚਾ ਸੌਦਾ ਦਾ ਵੱਡਾ ਬਿਆਨ, ‘ਸੰਗਤ ਬੇਅਦਬੀ ਕਰਨਾ ਤਾਂ ਦੂਰ, ਸੋਚ ਵੀ ਨਹੀਂ ਸਕਦੀ’
ਕ੍ਰਿਸ ਜਾਰਡਨ ਨੇ ਭਾਰਤੀ ਟੀਮ ਦੀ ਹਾਲਤ ਖਰਾਬ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਉਸ ਨੇ 4 ਓਵਰਾਂ ‘ਚ 43 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਦੀਆਂ ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਨੂੰ ਵੀ ਇਕ-ਇਕ ਵਿਕਟ ਮਿਲੀ।
169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਕੈਪਟਨ ਅਤੇ ਓਪਨਰ ਬੱਲੇਬਾਜ਼ ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਪਾਵਰਪਲੇ ‘ਚ ਬਿਨਾਂ ਕੋਈ ਵਿਕਟ ਗੁਆਏ 63 ਦੌੜਾਂ ਬਣਾਈਆਂ, ਪਰ ਇਹ ਟ੍ਰੇਲਰ ਸੀ। ਇੰਗਲਿਸ਼ ਓਪਨਰ ਜੋੜੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਇਸ ਤਰ੍ਹਾਂ ਕੁੱਟਿਆ ਕਿ ਉਹ ਸ਼ਾਇਦ ਹੀ ਭੁੱਲ ਸਕਣ।
ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਜਿੱਤ ਦਿਵਾਉਣ ਵਿੱਚ ਮਦਦ ਕੀਤੀ। ਇੰਗਲੈਂਡ ਨੇ ਇਹ ਮੈਚ 16 ਓਵਰਾਂ ਵਿੱਚ ਜਿੱਤ ਲਿਆ। ਐਲੇਕਸ ਹੇਲਸ ਨੇ 47 ਗੇਂਦਾਂ ‘ਤੇ 86 ਦੌੜਾਂ ਬਣਾਈਆਂ ਅਤੇ ਬਟਲਰ 49 ਗੇਂਦਾਂ ‘ਤੇ 80 ਦੌੜਾਂ ਬਣਾ ਕੇ ਨਾਬਾਦ ਰਹੇ। ਕੋਈ ਵੀ ਭਾਰਤੀ ਗੇਂਦਬਾਜ਼ ਵਿਕਟ ਨਹੀਂ ਲੈ ਸਕਿਆ।
ਵੀਡੀਓ ਲਈ ਕਲਿੱਕ ਕਰੋ -: