ਪੰਜਾਬ ਅੰਦਰ ਲੁੱਟ-ਖੋਹ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਦੇ ਯੂਕੋ ਬੈਂਕ ਵਿੱਚੋਂ 3 ਹਥਿਆਰਬੰਦ ਲੁਟੇਰਿਆਂ ਨੇ ਫਿਲਮੀ ਸਟਾਈਲ ‘ਚ 17 ਲੱਖ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਇਹ ਲੁੱਟ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਕੀਤੀ ਹੈ।
ਜਾਣਕਾਰੀ ਮੁਤਾਬਕ 3 ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਬੈਂਕ ਵਿੱਚ ਦਾਖਲ ਹੋਏ। ਇਨ੍ਹਾਂ ‘ਚੋਂ ਇੱਕ ਨੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ। ਲੁਟੇਰਿਆਂ ਵਿੱਚੋਂ ਇੱਕ ਬੈਂਕ ਦੇ ਗੇਟ ’ਤੇ ਖੜ੍ਹ ਗਿਆ ਤੇ ਦੂਜੇ ਨੇ ਪਿਸਤੌਲ ਦਿਖਾ ਕੇ ਬੈਂਕ ਦੇ ਸਾਰੇ ਸਟਾਫ ਨੂੰ ਇੱਕ ਕੈਬਿਨ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਤੀਜੇ ਲੁਟੇਰੇ ਨੇ ਖ਼ਜ਼ਾਨਚੀ ਕੋਲ ਜਾ ਕੇ ਸਾਰੀ ਨਕਦੀ ਆਪਣੇ ਕਬਜ਼ੇ ਵਿੱਚ ਲੈ ਲਈ।
ਦੱਸ ਦੇਈਏ ਕਿ ਉਸ ਵੇਲੇ ਨੇੜਲੇ ਪਿੰਡ ਮੰਜੌਲੀ ਦਾ ਸਰਪੰਚ ਚਮਕੌਰ ਸਿੰਘ ਵੀ ਬੈਂਕ ‘ਚ 2 ਲੱਖ 20 ਹਜ਼ਾਰ ਦੀ ਨਕਦੀ ਲੈ ਕੇ ਕੈਸ਼ ਕਾਊਂਟਰ ’ਤੇ ਜਮ੍ਹਾਂ ਕਰਵਾਉਣ ਲਈ ਖੜ੍ਹਾ ਸੀ। ਲੁਟੇਰੇ ਇਹ ਰਾਸ਼ੀ ਵੀ ਆਪਣੇ ਨਾਲ ਲੈ ਗਏ। ਬੈਂਕ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਲੁਟੇਰੇ ਇੱਕ ਖਾਤਾਧਾਰਕ ਤੋਂ ਚਾਬੀ ਖ਼ੋਹ ਕੇ ਉਸ ਦੇ ਬੁਲੇਟ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਇਸ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਜਿਸ ਕਰਕੇ ਲੁਟੇਰੇ ਜਾਂਦੇ ਹੋਏ ਬੈਂਕ ਵਿੱਚੋਂ CCTV ਕੈਮਰਿਆਂ ਦੀ DVR ਵੀ ਨਾਲ ਲੈ ਗਏ ਹਨ। ਘਟਨਾ ਦੀ ਸੂਚਨਾ ਮਿਲਣ ’ਤੇ DSP ਘਨੌਰ ਰਘਵੀਰ ਸਿੰਘ ਅਤੇ ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ‘ਤੋਂ ਬਾਅਦ SSP ਵਰੁਣ ਸ਼ਰਮਾ ਦੀ ਹਦਾਇਤ ’ਤੇ ਪੁਲਿਸ ਵੱਲੋਂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਛੋਟੇ-ਵੱਡੇ ਸਾਰੇ ਰਾਹ ਸੀਲ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ‘ਚ ਸ਼ੱਕੀ ਗੈਂਗਸਟਰ ਰਾਜਗੜ੍ਹ ਦੇ ਘਰ NIA ਦਾ ਛਾਪਾ, ਘੇਰਿਆ ਪੂਰਾ ਇਲਾਕਾ
ਇਸ ਸਬੰਧੀ DSP ਰਘਵੀਰ ਸਿੰਘ ਨੇ ਦੱਸਿਆ ਕਿ ਥਾਣਾ ਘਨੌਰ ਦੀ ਪੁਲਿਸ ਨੇ ਬੈਂਕ ਮੈਨੇਜਰ ਅਮਿਤ ਥਮਣ ਦੇ ਬਿਆਨ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿਸ ਮੋਟਰਸਾਈਕਲ ’ਤੇ ਲੁਟੇਰੇ ਫਰਾਰ ਹੋਏ ਸਨ, ਪੁਲਿਸ ਨੇ ਉਹ ਕੁਝ ਦੂਰੀ ਤੋਂ ਬਰਾਮਦ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: