ਪੰਜਾਬ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ‘ਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਦੇਸ਼ ਦੇ ਸਰਵੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉਭਰਿਆ ਹੈ। ਨੀਤੀ ਆਯੋਗ ਦੀ ਨਵੀਂ ਰਿਪੋਰਟ ਵਿੱਚ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਸੁਧਾਰਾਂ ਨੂੰ ਕੌਮੀ ਦਰਜਾਬੰਦੀ ‘ਚ ਸਿਖਰਲਾ ਸਥਾਨ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਪੰਜਾਬ ਨੂੰ ਬੁਨਿਆਦੀ ਸਿੱਖਿਆ, ਡਿਜੀਟਲ ਬੁਨਿਆਦੀ ਢਾਂਚੇ ਅਤੇ ਸਕੂਲੀ ਸਹੂਲਤਾਂ ਵਿੱਚ ਪਹਿਲਾ ਦਰਜਾ ਦਿੱਤਾ ਗਿਆ ਹੈ। ਸੂਬੇ ਨੇ ਭਾਸ਼ਾ ਅਤੇ ਗਣਿਤ ਵਿੱਚ ਕੇਰਲ ਨਾਲੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਨਾਲ ਹੀ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਇੰਟਰਨੈਟ ਪਹੁੰਚ ਅਤੇ ਕੰਪਿਊਟਰਾਂ ਦੀ ਉਪਲਬਧਤਾ ਵਿੱਚ ਵੀ ਵੱਡੇ ਪੱਧਰ ‘ਤੇ ਵਿਸਤਾਰ ਕੀਤਾ ਗਿਆ ਹੈ।
ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਜੋ ਬੀਜੋਗੇ ਉਹੀ ਵੱਢੋਗੇ’ ਦੇ ਕਥਨ ਅਨੁਸਾਰ, ਸੂਬੇ ਨੇ ਸਿੱਖਿਆ ਵਿੱਚ ਇਮਾਨਦਾਰੀ ਨਾਲ ਨਿਵੇਸ਼ ਕੀਤਾ ਹੈ। ਸੂਬਾ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਨੂੰ ਅਪਗ੍ਰੇਡ ਕੀਤਾ। ਸਿਸਟਮ ਨੂੰ ਮਜ਼ਬੂਤ ਕੀਤਾ, ਸਮਾਰਟ ਕਲਾਸਰੂਮਾਂ ਦੀ ਸ਼ੁਰੂਆਤ ਕੀਤੀ ਅਤੇ ਅਧਿਆਪਕਾਂ ਨੂੰ ਉੱਨਤ ਸਿਖਲਾਈ ਪ੍ਰਦਾਨ ਕੀਤੀ। ਅੱਜ ਉਨ੍ਹਾਂ ਯਤਨਾਂ ਨੂੰ ਬੂਰ ਪੈ ਗਿਆ ਹੈ।
ਨੀਤੀ ਆਯੋਗ ਦੀ ਰੈਂਕਿੰਗ ‘ਚ ਪੰਜਾਬ ਦੀ ਪ੍ਰਾਪਤੀ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਨੀਤੀ ਆਯੋਗ, ਭਾਰਤ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਵਿੱਚੋਂ ਇੱਕ ਹੈ ਜਿਸ ਨੇ ਨਵੇਂ ਅੰਕੜੇ ਜਾਰੀ ਕੀਤੇ ਹਨ। ਇਹਨਾਂ ਅੰਕੜਿਆਂ ਮੁਤਾਬਕ ਪੰਜਾਬ ਨੇ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਤੀਜੀ ਜਮਾਤ ਦੀ ਭਾਸ਼ਾ ਵਿੱਚ ਪੰਜਾਬ ਨੇ 82 ਫ਼ੀਸਦ ਅੰਕ ਪ੍ਰਾਪਤ ਕੀਤੇ ਜਦੋਂ ਕਿ ਕੇਰਲਾ ਨੇ 75 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ, ਤੀਜੀ ਜਮਾਤ ਦੇ ਗਣਿਤ ਵਿੱਚ, ਪੰਜਾਬ ਨੇ 78 ਫ਼ੀਸਦ ਅੰਕ ਪ੍ਰਾਪਤ ਕੀਤੇ ਜਦੋਂ ਕਿ ਕੇਰਲਾ ਨੇ 70 ਫ਼ੀਸਦ ਅੰਕ ਪ੍ਰਾਪਤ ਕੀਤੇ ਅਤੇ ਨੌਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 52 ਫ਼ੀਸਦ ਅੰਕ ਪ੍ਰਾਪਤ ਕੀਤੇ ਜਦੋਂ ਕਿ ਕੇਰਲਾ ਨੇ 45 ਫ਼ੀਸਦ ਅੰਕ ਪ੍ਰਾਪਤ ਕੀਤੇ।।
ਡਿਜੀਟਲ ਸਿੱਖਿਆ ਵਿੱਚ ਵੀ ਪੰਜਾਬ ਹਰਿਆਣਾ ਤੋਂ ਅੱਗੇ ਹੈ। ਸਮਾਰਟ ਕਲਾਸਰੂਮਾਂ ਵਿੱਚ, ਪੰਜਾਬ ਨੇ 80.1 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ ਜਦੋਂ ਕਿ ਹਰਿਆਣਾ 50.3 ਫ਼ੀਸਦ ‘ਤੇ ਰਿਹਾ। ਸਕੂਲਾਂ ਵਿੱਚ ਇੰਟਰਨੈੱਟ ਸਹੂਲਤਾਂ ਦੇ ਮਾਮਲੇ ਵਿੱਚ, ਪੰਜਾਬ 88.9 ਫ਼ੀਸਦ ‘ਤੇ ਹੈ ਜਦੋਂ ਕਿ ਹਰਿਆਣਾ 78.9 ਫ਼ੀਸਦ ‘ਤੇ ਹੈ। ਸਕੂਲਾਂ ਵਿੱਚ ਬਿਜਲੀ ਦੀ ਉਪਲੱਬਧਾ ਦੇ ਸਬੰਧ ਵਿੱਚ ਪੰਜਾਬ ਨੇ 99.9 ਫ਼ੀਸਦ ਅੰਕ ਹਾਸਲ ਕੀਤੇ ਜਦੋਂ ਕਿ ਸਕੂਲਾਂ ਵਿੱਚ ਕੰਪਿਊਟਰ ਦੀ ਉਪਲਬਧਤਾ ਸਬੰਧੀ 99 ਫ਼ੀਸਦ ਅੰਕ ਹਾਸਲ ਕੀਤੇ। ਪਹਿਲਾਂ ਕੇਰਲਾ ਸਿਖਰਲੇ ਸਥਾਨ ‘ਤੇ ਸੀ ਪਰ ਹੁਣ ਪੰਜਾਬ ਨੇ ਵੱਡੇ ਫਰਕ ਨਾਲ ਕੇਰਲਾ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ‘ਤੇਲ ਕੰਪਨੀਆਂ ਨੂੰ ਰੋਜ਼ਾਨਾ 1000 ਕਰੋੜ ਦਾ ਨੁਕਸਾਨ….’ PM ਮੋਦੀ ਦੀ ਅਪੀਲ ਮਗਰੋਂ ਪੈਟਰੋਲੀਅਮ ਮੰਤਰੀ ਦਾ ਬਿਆਨ
CM ਮਾਨ ਨੇ ਕਿਹਾ ਕਿ ਮੈਂ ਸਾਰੇ ਮਾਪਿਆਂ, ਅਧਿਆਪਕਾਂ, ਸਿੱਖਿਆ ਮੰਤਰੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਰ ਮੈਂਬਰ ਅਤੇ ਸਿੱਖਿਆ ਖੇਤਰ ਨਾਲ ਜੁੜੇ ਸਾਰਿਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਸਿੱਖਿਆ ਖੇਤਰ ਵਿੱਚ ਪੰਜਾਬ ਦਾ ਮੋਹਰੀ ਬਣਨਾ ਉਨ੍ਹਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਹੌਲੀ ਹੌਲੀ ਪਰ ਯਕੀਨੀ ਤੌਰ ‘ਤੇ ਪੰਜਾਬ ਹਰ ਖੇਤਰ ਵਿੱਚ ਨੰਬਰ ਇੱਕ ਬਣ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










