ਪਟਿਆਲਾ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਬਿਊਰੋ ਪੰਜਾਬ ਨੇ ਬੁੱਧਵਾਰ ਨੂੰ ਐਮ.ਆਰ. ਐਮ.ਕੰਪਲੈਕਸ ਰਾਜਪੁਰਾ, ਪਟਿਆਲਾ ਵਿਖੇ ਕਣਕ ਦੇ ਸਟਾਕ ਵਿੱਚ ਵੱਡੇ ਗਬਨ ਦੇ ਦੋਸ਼ ਵਿੱਚ ਸੀਨੀਅਰ ਬਰਾਂਚ ਅਫ਼ਸਰ ਰਾਜਬੀਰ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਕਤ ਮਾਮਲੇ ਵਿੱਚ ਰਾਜਬੀਰ ਸਿੰਘ ਬੈਂਸ ਸਣੇ ਮਾਰਕਫੈੱਡ ਦੇ ਚਾਰ ਮੁਲਾਜ਼ਮਾਂ ਨੇ ਐਮ.ਆਰ. ਐਮ.ਕੰਪਲੈਕਸ ਵਿੱਚ ਸਟੋਰ ਕੀਤੀਆਂ 6097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦੀ ਹੇਰਾਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਆਈਪੀਸੀ ਦੀ ਧਾਰਾ 409, 120-ਬੀ ਅਤੇ ਰੋਕਥਾਮ ਦੀ ਧਾਰਾ 13(1) ਡੀ, 13(2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਭ੍ਰਿਸ਼ਟਾਚਾਰ ਐਕਟ ਤਹਿਤ ਮੁਕੱਦਮਾ ਨੰਬਰ 7 ਪਹਿਲਾਂ ਹੀ ਮਿਤੀ 13-05-2016 ਨੂੰ ਵਿਜੀਲੈਂਸ ਬਿਓਰੋ ਦੇ ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਰਾਜਬੀਰ ਸਿੰਘ ਬੈਂਸ ਸੀਨੀਅਰ ਬ੍ਰਾਂਚ ਅਫਸਰ ਮਾਰਕਫੈੱਡ, ਰਾਜਪੁਰਾ, ਫਰੀਦ ਖਾਨ, ਨਿਗਰਾਨ (ਕਸਟੇਡੀਅਨ) ਐਮਆਰਐਮ ਕੰਪਲੈਕਸ ਅਤੇ ਦਲੇਰ ਸਿੰਘ, ਸੇਲਜ਼ਮੈਨ ਇਸ ਗਬਨ ਲਈ ਜ਼ਿੰਮੇਵਾਰ ਪਾਏ ਗਏ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਅਸ਼ਵਨੀ ਕੁਮਾਰ ਫੀਲਡ ਅਫਸਰ ਓਪਨ ਪਲਿੰਥ (ਗੋਦਾਮ), ਪਿੰਡ ਢੀਂਡਸਾ, ਰਾਜਪੁਰਾ ਨੂੰ ਵੀ ਬਾਅਦ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ‘ਗੁਜਰਾਤ ਦਾ ਐਗਜ਼ਿਟ ਪੋਲ ਗਲਤ ਸਾਬਤ ਹੋਵੇਗਾ’, MCD ਚੋਣਾਂ ‘ਚ ‘ਆਪ’ ਦੀ ਜਿੱਤ ਮਗਰੋਂ ਬੋਲੇ CM ਮਾਨ
ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਐਮਆਰਐਮ ਕੰਪਲੈਕਸ ਰਾਜਪੁਰਾ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਣੇ ਢੀਂਡਸਾ ਵਿਖੇ ਮਾਰਕਫੈੱਡ ਦੇ ਸਟੋਰੇਜ ਗੋਦਾਮਾਂ ਅਤੇ ਖੁੱਲ੍ਹੇ ਪਲਿੰਥਾਂ ਦੀ ਅਚਨਚੇਤ ਚੈਕਿੰਗ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਹੈ। ਇਸ ਚੈਕਿੰਗ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਮਾਰਕਫੈੱਡ ਦੇ ਉਕਤ ਕਰਮਚਾਰੀ ਸਾਲ 2013-2014, 2014-2015 ਅਤੇ 2015-2016 ਦੌਰਾਨ 6097 ਕੁਇੰਟਲ ਕਣਕ ਦੀਆਂ 12194 ਬੋਰੀਆਂ ਦੀ ਗਬਨ ਕਰਨ ਲਈ ਜ਼ਿੰਮੇਵਾਰ ਪਾਏ ਗਏ ਸਨ। ਇਸ ਤਰ੍ਹਾਂ ਉਕਤ ਦੋਸ਼ੀਆਂ ਨੇ ਇਸ ਕਣਕ ਦੇ ਸਟਾਕ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: