ਪੰਜਾਬ ਵਿੱਚ ਹਲਵਾਰਾ ਇਲਾਕੇ ਦੇ ਥਾਣਾ ਦਾਖਾਂ ਦੇ ਪਿੰਡ ਪਮਾਲ ਵਾਸੀ 17 ਸਾਲਾਂ ਹੋਣਹਾਰ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੇਜ਼ ਨਾਲ ਮੌਤ ਹੋ ਗਈ। ਸ਼ਾਨਵੀਰ ਨੂੰ ਉਸ ਦੇ ਦੋਸਤ ਸੁਖਰਾਜ ਸਿੰਘ ਵਾਸੀ ਪਮਾਲਨੇ ਹੀ ਨਸ਼ੇ ਵਿੱਚ ਚਿੱਟੇ ਦਾ ਟੀਕਾ ਭਰ ਕੇ ਲਗਾਇਆ ਸੀ। ਦੋਵਾਂ ਦੋਸਤ ਕੁਲਗਿਹਣਾ ਪਿੰਡ ਦੇ ਨਸ਼ਾ ਤਸਕਰਾਂ ਤੋਂ ਚਿੱਟਾ ਲੈ ਕੇ ਆਏ ਸਨ ਅਤੇ ਪਿੰਡ ਆਲੀਵਾਲ ਦੇ ਸਾਬਕਾ ਸਰਪੰਚ ਦੀ ਮੋਟਰ ‘ਤੇ ਨਸ਼ਾ ਕਰਨ ਲਈ ਰੁਕ ਗਏ।
ਸੁਖਰਾਜ ਨੇ ਸ਼ਾਨਵੀਰ ਨੂੰ ਚਿੱਟੇ ਦਾ ਟੀਕਾ ਭਰ ਕੇ ਲਾ ਦਿੱਤਾ, ਪਰ ਓਵਰਡੋਜ਼ ਕਰਕੇ ਸ਼ਾਨਵੀਰ ਤੜਫਣ ਲੱਗਾ ਅਤੇ ਦੇਖਦੇ ਹੀ ਦੇਖਦੇ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੁਖਰਾਜ ਘਬਰਾ ਗਿਆ ਅਤੇ ਚੁੱਪਚਾਪ ਆਪਣੇ ਘਰ ਪਿੰਡ ਪਮਾਲ ਚਲਾ ਗਿਆ। ਸ਼ਾਨੀਵਰ ਦੇ ਪਰਿਵਾਰ ਨੂੰ ਪਤਾ ਸੀ ਕਿ ਦੋਵੇਂ ਇਕੱਠੇ ਘਰੋਂ ਸ਼ਾਨਵੀਰ ਦੇ ਪਲੇਟਿਨਾ ਮੋਟਰਸਾਈਕਲ ‘ਤੇ ਕਿਤੇ ਗਏ ਸਨ।
ਇਸ ਲਈ ਜਦੋਂ ਬੁੱਧਵਾਰ ਦੇਰ ਰਾਤ ਤੱਕ ਸ਼ਾਨਵੀਰ ਘਰ ਨਹੀਂ ਪਰਤਿਆ ਤਾਂ ਉਸ ਦਾ ਪਰਿਵਾਰ ਸੁਖਰਾਜ ਦੇ ਘਰ ਪਹੁੰਚ ਗਿਆ। ਪਹਿਲਾਂ ਤਾਂ ਸੁਖਰਾਜ ਟਾਲਮਟੋਲ ਕਰਦਾ ਰਿਹਾ, ਪਰ ਸਖਤੀ ਨਾਲ ਪੁੱਛਣ ‘ਤੇ ਉਸ ਨੇ ਸੱਚਾਈ ਦੱਸ ਦਿੱਤੀ, ਜਿਸ ਮਗਰੋਂ ਸੁਖਰਾਜ ਉਨ੍ਹਾਂ ਨੂੰ ਲੈ ਕੇ ਆਲੀਵਾਲ ਦੇ ਸਾਬਕਾ ਸਰਪੰਚ ਦੀ ਮੋਟਰ ‘ਤੇ ਪਹੁੰਚਿਆ ਜਿਥੇ ਸ਼ਾਨਵੀਰ ਦੀ ਲਾਸ਼ ਪਈ ਸੀ। ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਥਾਣਾ ਦਾਖਾ ਵਿੱਚ ਮ੍ਰਿਤਕ ਸ਼ਾਨਵੀਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ‘ਤੇ ਸੁਖਰਾਜ ਸਿੰਘ ਨਿਵਾਸੀ ਪਮਾਲ ਅਤੇ ਨਸ਼ਾ ਤਸਕਰ ਦਰਸ਼ਨਾ ਕੌਰ ਉਰਫ ਦਰਸ਼ੋ, ਕਰਮਜੀਤ ਕੌਰ ਅਤੇ ਬੂਟਾ ਸਿੰਘ ਸਾਰੇ ਵਾਸੀ ਪਿੰਡ ਕੁਲਗਹਿਣਾ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਸ਼ਾਨਵੀਰ ਦੇ ਦੋਸਤ ਸੁਖਰਾਜ ਸਿੰਘ ਅਤੇ ਨਸ਼ਾ ਤਸਕਰ ਬੂਟਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦਰਸ਼ਨਾ ਕੌਰ ਉਰਫ ਦਰਸ਼ੋ ਅਤੇ ਕਰਮਜੀਤ ਕੌਰ ਫਰਾਰ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਫੈਸਲਾ, ਸਰਕਾਰੀ ਸਕੂਲਾਂ ਦੇ ਨਰਸਰੀ ਦੇ ਬੱਚਿਆਂ ਨੂੰ ਮਿਲੇਗੀ ਯੂਨੀਫਾਰਮ
ਜਾਂਚ ਅਧਿਕਾਰੀ ਸਬ ਇੰਸਪੈਕਟਰ ਸਰਨਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਆਪਣੇ ਦੋਸਤ ਸ਼ਨਵੀਰ ਨੂੰ ਲੈ ਕੇ ਉਸ ਦੇ ਮੋਟਰਸਾਈਕਿਲ ‘ਤੇ ਕੁਲਗਹਿਣਾ ਦੇ ਨਸ਼ਾ ਤਸਕਰ ਬੂਟਾ ਸਿੰਘ ਦੇ ਘਰ ਪਹੁੰਚਿਆ। ਬੂਟਾ ਸਿੰਘ ਉਨ੍ਹਾਂ ਨੂੰ ਦਰਸ਼ਨਾ ਕੌਰ ਉਰਫ ਦਰਸ਼ੋ ਦੇ ਘਰ ਲੈ ਗਿਆ। ਦਰਸ਼ੋ ਨੇ ਦੋਵਾਂ ਤੋਂ 800 ਰੁਪਏ ਲਏ ਅਤੇ ਕਰਮਜੀਤ ਕੌਰ ਵਾਸੀ ਪਿੰਡ ਕੋਟਲੀ ਦੇ ਘਰ ਲੈ ਗਈ। ਕਰਮਜੀ ਕੌਰ ਦੇ ਘਰੋਂ ਚਿੱਟਾ ਲੈ ਕੇ ਦੋਵੇਂ ਆਲੀਵਾਲ ਪਿੰਡ ਦੇ ਸਾਬਕਾ ਸਰਪੰਚ ਦੀ ਮੋਟਰ ‘ਤੇ ਆ ਗਏ। ਸੁਖਰਾਜ ਨੇ ਪਹਿਲਾਂ ਖੁਦ ਨੂੰ ਚਿੱਟੇ ਦਾ ਟੀਕਾ ਲਾਇਆ ਅਤੇ ਉਹ ਝੂਮਣ ਲੱਗਾ।
ਨਸ਼ਾ ਜ਼ਿਆਦਾ ਹੋ ਜਾਣ ਕਾਰਨ ਸੁਖਰਾਜ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਸ਼ਾਨਵੀਰ ਨੂੰ ਜ਼ਿਆਦਾ ਮਾਤਰਾ ਵਿੱਚ ਚਿੱਟੇ ਦਾ ਟੀਕਾ ਭਰ ਕੇ ਲਗਾ ਦਿੱਤਾ। ਮ੍ਰਿਤਕ ਸ਼ਾਨਵੀਰ ਸਿੰਘ ਦੇ ਤਾਇਆ ਸੁਰਿੰਦਰ ਸਿੰਘ ਸ਼ਿੰਦਾ ਸਾਬਕਾ ਪੰਚ ਨੇ ਦੱਸਿਆ ਕਤਿ ਸ਼ਾਨਵੀਰ ਦਾ ਮੋਟਰਸਾਈਕਲ, ਮੋਬਾਈਲ ਫੋਨ, ਪਰਸ, ਜੁੱਤੇ ਅਤੇ ਸਾਰੇ ਦਸਤਾਵੇਜ਼ ਗਾਇਬ ਹਨ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਨਵੀਰ ਦੀ ਮੌਤ ਕਿਤੇ ਹੋਰ ਹੋਈ ਹੈ ਅਤੇ ਉਸ ਦਾ ਲਾਸ਼ ਕਿਤੇ ਹੋਰ ਸੁੱਟਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: