ਲਾਹੌਰ, 1947 ਦੀ ਵੰਡ ਦੌਰਾਨ ਕਈ ਆਪਣਿਆਂ ਤੋਂ ਵਿਛੜ ਗਏ, ਜਿਨ੍ਹਾਂ ਵਿੱਚੋਂ ਦੋ ਸਿੱਖ ਭਰਾਵਾਂ ਦੇ ਪਰਿਵਾਰ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ ‘ਤੇ ਮਿਲ ਗਏ। ਇਸ ਦੌਰਾਨ ਖੁਸ਼ੀਆਂ ਭਰੇ ਗੀਤ ਗਾਏ ਅਤੇ ਇੱਕ-ਦੂਜੇ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਨ੍ਹਾਂ ਦਾ ਦੁਬਾਰਾ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ।
ਗੁਰਦੇਵ ਸਿੰਘ ਅਤੇ ਦਇਆ ਸਿੰਘ ਦੇ ਪਰਿਵਾਰ ਵੀਰਵਾਰ ਨੂੰ ਕਰਤਾਰਪੁਰ ਲਾਂਘੇ ‘ਤੇ ਮੁੜ ਮਿਲਣ ਲਈ ਪਹੁੰਚੇ। ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਪਰਿਵਾਰਕ ਮੇਲ ਦਾ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਾ, ਜਿੱਥੇ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਗੀਤ ਗਾਏ ਅਤੇ ਇੱਕ ਦੂਜੇ ‘ਤੇ ਫੁੱਲਾਂ ਦੀ ਵਰਖਾ ਕੀਤੀ।
ਦੋਵੇਂ ਭਰਾ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਵੰਡ ਵੇਲੇ ਆਪਣੇ ਮਰਹੂਮ ਪਿਤਾ ਦੇ ਦੋਸਤ ਕਰੀਮ ਬਖਸ਼ ਨਾਲ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਗੋਮਲਾ ਵਿੱਚ ਰਹਿੰਦੇ ਸਨ। ਬਖ਼ਸ਼ ਵੱਡੇ ਗੁਰਦੇਵ ਸਿੰਘ ਨਾਲ ਪਾਕਿਸਤਾਨ ਚਲਾ ਗਿਆ ਜਦੋਂ ਕਿ ਛੋਟਾ ਦਇਆ ਸਿੰਘ ਆਪਣੇ ਮਾਮੇ ਕੋਲ ਹਰਿਆਣਾ ਵਿਚ ਰਿਹਾ।
ਪਾਕਿਸਤਾਨ ਪਹੁੰਚਣ ਤੋਂ ਬਾਅਦ ਬਖ਼ਸ਼ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਝੰਗ ਜ਼ਿਲ੍ਹੇ ਵਿੱਚ ਚਲਾ ਗਿਆ ਅਤੇ ਗੁਰਦੇਵ ਸਿੰਘ ਨੂੰ ਇੱਕ ਮੁਸਲਮਾਨ ਨਾਮ (ਗੁਲਾਮ ਮੁਹੰਮਦ) ਦਿੱਤਾ। ਗੁਰਦੇਵ ਸਿੰਘ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।
ਗੁਰਦੇਵ ਦੇ ਪੁੱਤਰ ਮੁਹੰਮਦ ਸ਼ਰੀਫ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸ ਦੇ ਪਿਤਾ ਨੇ ਆਪਣੇ ਭਰਾ ਦਇਆ ਸਿੰਘ ਦਾ ਪਤਾ ਲਗਾਉਣ ਲਈ ਭਾਰਤ ਸਰਕਾਰ ਨੂੰ ਚਿੱਠੀਆਂ ਲਿਖੀਆਂ ਸਨ। ਛੇ ਮਹੀਨੇ ਪਹਿਲਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਚਾਚਾ ਦਇਆ ਸਿੰਘ ਨੂੰ ਲੱਭਣ ਵਿੱਚ ਕਾਮਯਾਬ ਹੋਏ। ਉਸਨੇ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਮੁੜ ਮਿਲਾਪ ਲਈ ਕਰਤਾਰਪੁਰ ਸਾਹਿਬ ਪਹੁੰਚਣ ਦਾ ਫੈਸਲਾ ਕੀਤਾ। ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਹਰਿਆਣਾ ਵਿੱਚ ਆਪਣੇ ਜੱਦੀ ਘਰ ਦਾ ਦੌਰਾ ਕਰ ਸਕਣ।
ਦੱਸ ਦੇਈਏ ਕਿ ਪਿਛਲੇ ਸਾਲ ਵੀ ਵੰਡ ਦੌਰਾਨ ਵੱਖ ਹੋਏ ਦੋ ਭਰਾ ਕਰਤਾਰਪੁਰ ਲਾਂਘੇ ‘ਤੇ ਮੁੜ ਇਕੱਠੇ ਹੋਏ ਸਨ। ਪਾਕਿਸਤਾਨ ਤੋਂ ਮੁਹੰਮਦ ਸਿੱਦੀਕ 80 ਅਤੇ ਭਾਰਤ ਦੇ ਹਬੀਬ, 78, ਜਨਵਰੀ 2022 ਵਿੱਚ ਕਰਤਾਰਪੁਰ ਲਾਂਘੇ ‘ਤੇ ਮਿਲੇ ਸਨ। ਉਹ ਵੀ ਸੋਸ਼ਲ ਮੀਡੀਆ ਦੀ ਮਦਦ ਨਾਲ ਦੁਬਾਰਾ ਇਕੱਠੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: