ਫਰੀਦਕੋਟ ਜ਼ਿਲ੍ਹੇ ਦੀਆਂ ਦੋ ਸਕੀਆਂ ਭੈਣਾਂ ਨੇ ਫਰੀਦਕੋਟ ਜ਼ਿਲ੍ਹੇ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਕੋਟਕਪੂਰਾ ਸ਼ਹਿਰ ਨਾਲ ਸਬੰਧਤ ਇੱਕ ਗਰੀਬ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਨੇ ਹਾਲ ਹੀ ਵਿੱਚ ਅਸਾਮ ਦੇ ਗੁਹਾਟੀ ਵਿੱਚ ਹੋਏ ਗੱਤਕਾ ਮੁਕਾਬਲੇ ਦੌਰਾਨ 2 ਸੋਨ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਦੋਵੇਂ ਕੁੜੀਆਂ ਕੋਟਕਪੂਰਾ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ, ਜਿਨ੍ਹਾਂ ਨੇ ਆਪਣੇ ਮਾਪਿਆਂ, ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ।
ਇਸ ਮੌਕੇ ਏਕਮਜੋਤ ਕੌਰ ਅਤੇ ਮਨਸ਼ੂ ਕੌਰ ਨੇ ਦੱਸਿਆ ਕਿ ਉਨ੍ਹਾਂ ਆਸਾਮ ਵਿਖੇ ਹੋਏ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਵਿੱਚ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਗੁਰੂਆਂ ਤੋਂ ਬਖਸ਼ੀ ਗਤਕੇ ਦੀ ਦਾਤ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੀਆਂ ਹਨ।
ਉਨ੍ਹਾਂ ਨੇ ਇਸ ਵੱਡੀ ਪ੍ਰਾਪਤੀ ਲਈ ਆਪਣੇ ਕੋਚ ਗੁਰਪ੍ਰੀਤ ਸਿੰਘ ਅਤੇ ਆਰਤੀ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਨੇ ਇਹ ਟੀਚਾ ਹਾਸਲ ਕੀਤਾ ਹੈ। ਉਹ ਪ੍ਰਿੰਸੀਪਲ ਦੀ ਹੋਰ ਵੀ ਧੰਨਵਾਦੀ ਹੈ ਕਿ ਸਕੂਲ ਨੇ ਉਸ ਦੀ ਪੜ੍ਹਾਈ ਮੁਫਤ ਕਰ ਦਿੱਤੀ ਹੈ। ਦੋਵਾਂ ਕੁੜੀਆਂ ਦਾ ਸੁਪਨਾ ਆਰਮੀ ਅਫਸਰ ਅਤੇ ਆਈ.ਪੀ.ਐਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨੀ ਹੈ।
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਅਤੇ ਆਰਤੀ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਦੋਵਾਂ ਲੜਕੀਆਂ ਨੇ ਉਨ੍ਹਾਂ ਵੱਲੋਂ ਦਿੱਤੀ ਸਿਖਲਾਈ ਦਾ ਮੁੱਲ ਤਾਰ ਦਿੱਤਾ ਹੈ, ਇਸ ਲਈ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਨ੍ਹਾਂ ਲੜਕੀਆਂ ਦੀ ਮਦਦ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਅਗਲਾ ਟਾਰਗੇਟ ਅੰਤਰਰਾਸ਼ਟਰੀ ਪੱਧਰ ਦਾ ਹੈ।
ਇਸ ਮੌਕੇ ਬੱਚਿਆਂ ਦੀਆਂ ਮਾਂ ਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਬੱਚਿਆਂ ਦੇ ਕੋਚ ਸਕੂਲ ਪ੍ਰਿੰਸੀਪਲ ਦੇ ਬਹੁਤ ਧੰਨਵਾਦੀ ਹਨ ਕਿਉਂਕਿ ਉਹ ਗਰੀਬ ਪਰਿਵਾਰਾਂ ਤੋਂ ਹਨ ਅਤੇ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਭੇਜਣ ਦੀ ਸਮਰੱਥਾ ਨਹੀਂ ਰੱਖਦੇ। ਉਹ ਭੁੱਲ ਨਹੀਂ ਸਕਦੇ ਕਿ ਇਸ ਸਕੂਲ ਨੇ ਕੁੜੀਆਂ ਲਈ ਕੀ ਕੀਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜੇ ਸਰਕਾਰ ਉਨ੍ਹਾਂ ਦਾ ਹੱਥ ਫੜੇ ਤਾਂ ਉਨ੍ਹਾਂ ਦੀਆਂ ਧੀਆਂ ਅੱਗੇ ਵਧ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਹ ਵੀ ਪੜ੍ਹੋ : ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਲੰਧਰ ‘ਚ 5,000 ਏਕੜ ‘ਚ ਅਜੇ ਵੀ ਪਾਣੀ ਭਰਿਆ