ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਮੋਦੀ ਸਰਕਾਰ ਦਾ ਆਪ੍ਰੇਸ਼ਨ ਗੰਗਾ ਜਾਰੀ ਹੈ। ਇਸ ਦੇ ਤਹਿਤ ਮੰਗਲਵਾਰ ਨੂੰ ਰੋਮਾਨੀਆ ਤੋਂ 218 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਦਿੱਲੀ ਪਹੁੰਚਿਆ। ਇਸ ਤੋਂ ਇਲਾਵਾ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਵੀ ਇੱਕ ਜਹਾਜ਼ ਦਿੱਲੀ ਪਹੁੰਚਿਆ ਹੈ। ਇਸ ਵਿੱਚ 216 ਭਾਰਤੀਆਂ ਨੂੰ ਵਾਪਿਸ ਲਿਆਇਆ ਗਿਆ ਹੈ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਦਿੱਲੀ ਏਅਰਪੋਰਟ ‘ਤੇ ਭਾਰਤੀਆਂ ਦਾ ਸਵਾਗਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਯੂਕਰੇਨ ਵਿੱਚ ਫਸੇ ਹਰ ਭਾਰਤੀ ਨੂੰ ਵਾਪਿਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਯੂਕਰੇਨ ਵਿੱਚ ਫ਼ਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਆਪ੍ਰੇਸ਼ਨ ਗੰਗਾ ਚਲਾ ਰਹੀ ਹੈ। ਇਸ ਦੀ ਸ਼ੁਰੂਆਤ 26 ਫਰਵਰੀ ਨੂੰ ਹੋਈ ਸੀ। ਇਸ ਮੁਹਿੰਮ ਤਹਿਤ ਹੁਣ ਤੱਕ 2 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਿਸ ਲਿਆਇਆ ਜਾ ਚੁੱਕਾ ਹੈ। ਬੀਤੇ ਦਿਨ ਬੁਡਾਪੇਸਟ ਤੋਂ 240 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਦਿੱਲੀ ਪਹੁੰਚਿਆ ਸੀ।
ਅੱਜ ਸਵੇਰੇ ਏਅਰ ਇੰਡੀਆ ਦੀ ਸੱਤਵੀਂ ਫਲਾਈਟ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ। ਏਅਰ ਇੰਡੀਆ ਦਾ ਜਹਾਜ਼ IX1202 ਮੁੰਬਈ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਇਨ੍ਹਾਂ ਭਾਰਤੀ ਨਾਗਰਿਕਾਂ ਦਾ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਸਵਾਗਤ ਕੀਤਾ।
ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਛੇਵਾਂ ਦਿਨ ਹੈ। ਜੰਗ ਦੀ ਸ਼ੁਰੂਆਤ 24 ਫਰਵਰੀ ਨੂੰ ਹੋਈ ਸੀ। ਸੋਮਵਾਰ ਨੂੰ ਬੇਲਾਰੂਸ ਦੀ ਸਰਹੱਦ ‘ਤੇ ਰੂਸ ਤੇ ਯੂਕਰੇਨ ਦੇ ਵਫ਼ਦ ਵਿਚਾਲੇ ਗੱਲਬਾਤ ਹੋਈ। ਹਾਲਾਂਕਿ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਲਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਘੱਟ ਸਮੇਂ ‘ਚ ਜ਼ਿਆਦਾ ਲੋਕਾਂ ਨੂੰ ਕੱਢਣ ‘ਚ ਮਦਦ ਕਰਨ ਲਈ ਕਿਹਾ ਹੈ। ਭਾਰਤੀ ਹਵਾਈ ਸੈਨਾ ਅੱਜ ਤੋਂ ਆਪਰੇਸ਼ਨ ਗੰਗਾ ਵਿੱਚ ਕਈ ਸੀ-17 ਜਹਾਜ਼ ਤਾਇਨਾਤ ਕਰ ਸਕਦੀ ਹੈ।