ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਰੋਜ਼ਾਨਾ ਦੀਆਂ ਲੋੜਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪੈਟਰੋਲ ਤੋਂ ਲੈ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਵੱਧ ਮਹਿੰਗਾਈ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਨਿੰਬੂ ਦੀ ਕੀਮਤ 200 ਪਾਕਿਸਤਾਨੀ ਰੁਪਏ ਪ੍ਰਤੀ 250 ਗ੍ਰਾਮ ਚੱਲ ਰਹੀ ਹੈ। ਇਸ ਦੇ ਮੁਤਾਬਕ ਇਸ ਸਮੇਂ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਇਕ ਕਿਲੋ ਨਿੰਬੂ 800 ਪਾਕਿਸਤਾਨੀ ਰੁਪਏ ‘ਚ ਵਿਕ ਰਿਹਾ ਹੈ। ਦੂਜੇ ਪਾਸੇ ਲੱਸਣ ਦੀ ਗੱਲ ਕਰੀਏ ਤਾਂ 250 ਗ੍ਰਾਮ ਲੱਸਣ 160 ਪਾਕਿਸਤਾਨੀ ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ। ਇਕ ਕਿਲੋ ਲਸਣ ਦੀ ਕੀਮਤ 640 ਪਾਕਿਸਤਾਨੀ ਰੁਪਏ ਹੋ ਗਈ ਹੈ।
ਇਸ ਤੋਂ ਇਲਾਵਾ ਟਮਾਟਰ ਦੇ ਭਾਅ ਦੀ ਗੱਲ ਕਰੀਏ ਤਾਂ ਇਹ 120 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ, ਜਦਕਿ ਕਰੇਲਾ ਵੀ ਇੰਨੇ ਰੁਪਏ ਵਿੱਚ ਪ੍ਰਚੂਨ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ ਤੋਰੀਆਂ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਕੁਝ ਦਿਨ ਪਹਿਲਾਂ ਤੱਕ 350 ਰੁਪਏ ਕਿਲੋ ਵਿਕਣ ਵਾਲਾ ਕਚਨਾਰ ਹੁਣ 600 ਰੁਪਏ ਕਿਲੋ ਵਿਕ ਰਿਹਾ ਹੈ। ਗੁਆਂਢੀ ਮੁਲਕ ਵਿੱਚ ਨਾ ਸਿਰਫ਼ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ, ਸਗੋਂ ਫਲਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹ ਰਹੀਆਂ ਹਨ। ਕੁਝ ਦਿਨ ਪਹਿਲਾਂ ਤੱਕ 70 ਰੁਪਏ ਕਿਲੋ ਵਿਕਣ ਵਾਲਾ ਖਰਬੂਜ਼ਾ ਹੁਣ 250 ਰੁਪਏ ਕਿਲੋ ਵਿੱਚ ਵਿਕ ਰਿਹਾ ਹੈ। ਕੇਲਾ ਜੋ ਕਿ ਪਹਿਲਾਂ 100 ਰੁਪਏ ਦਰਜਨ ਹੁੰਦਾ ਸੀ, ਹੁਣ 250 ਰੁਪਏ ਵਿੱਚ ਮਿਲ ਰਿਹਾ ਹੈ। ਇਸ ਤੋਂ ਇਲਾਵਾ 50 ਰੁਪਏ ਪ੍ਰਤੀ 250 ਗ੍ਰਾਮ ਵਿਕਣ ਵਾਲੀ ਸਟ੍ਰਾਬੇਰੀ 150 ਰੁਪਏ ਪ੍ਰਤੀ 250 ਗ੍ਰਾਮ ‘ਤੇ ਪਹੁੰਚ ਗਈ ਹੈ।
ਮਹਿੰਗਾਈ ਵਧਣ ਕਾਰਨ ਪਾਕਿਸਤਾਨ ਸਰਕਾਰ ਵੀ ਚਿੰਤਤ ਹੈ। ਲੋਕਾਂ ਵਿੱਚ ਸਰਕਾਰ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਰੋਟੀ ਬਣਾਉਣ ਲਈ ਵਰਤੇ ਜਾਂਦੇ ਆਟੇ ਲਈ ਵੀ ਹਾਹਾਕਾਰ ਮਚਿਆ ਹੋਇਆ ਹੈ। ਲੋਕ ਹਰ ਕਿਲੋ ਆਟੇ ਨੂੰ ਤਰਸ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਮੁਫਤ ਰਾਸ਼ਨ ਜਾਂ ਆਟਾ ਲੈਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਇਸ ਸਾਲ ਖੂਬ ਝੁਲਸਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਹੀਟ ਵੇਵ ਅਲਰਟ
ਪਿਛਲੇ ਦਿਨੀਂ ਕਰਾਚੀ ਵਿੱਚ ਮੁਫ਼ਤ ਰਾਸ਼ਨ ਵੰਡਣ ਦੌਰਾਨ ਭਗਦੜ ਮੱਚ ਗਈ ਸੀ, ਜਿਸ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਹੌਲੀ-ਹੌਲੀ ਘਟਿਆ ਹੈ ਅਤੇ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਗੁਆਂਢੀ ਦੇਸ਼ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਕਰਜ਼ਾ ਲੈਣ ਲਈ ਮਦਦ ਮੰਗ ਰਿਹਾ ਹੈ, ਪਰ ਸੰਸਥਾ ਨੇ ਕਈ ਸ਼ਰਤਾਂ ਰੱਖੀਆਂ ਹਨ। ਇਸ ਕਾਰਨ ਪਾਕਿਸਤਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: