IPL ਮੈਚਾਂ ਦਾ ਉਤਸ਼ਾਹ ਹਰ ਕਿਸੇ ਦਾ ਸਿਰ ਚੜ੍ਹ ਬੋਲ ਰਿਹਾ ਹੈ। ਲੰਮੇ ਸਮੇਂ ਦੀ ਉਡੀਕ ਮਗਰੋਂ ਇਸ ਵਾਰ ਮੋਹਾਲੀ ਸਥਿਤ IS ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਵੀ IPL ਦੇ ਹੋ ਰਹੇ ਮੈਚਾਂ ਨਾਲ ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਹੈ, ਪਰ ਇਸੇ ਵਿਚਾਲੇ ਸੱਟਾ ਬਾਜ਼ਾਰ ਵੀ ਪੂਰਾ ਗਰਮ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਚੰਡੀਗੜ੍ਹ ਪੁਲਿਸ ਨੇ ਹੋਟਲ ਤੋਂ ਤਿੰਨ ਸੱਟੇਬਾਜ਼ ਦਬੋਚੇ, ਜਿਸ ਹੋਟਲ ਵਿੱਚ IPL ਟੀਮ ਦੇ ਖਿਡਾਰੀ ਵੀ ਠਹਿਰੇ ਸਨ।
ਅਜਿਹਾ ਹੋਣ ਨਾਲ ਟੀਮ ਦੇ ਖਿਡਾਰੀਆਂ ਦੀ ਸੁਰੱਖਿਆ ਤੇ ਹੋਟਲ ਮੈਨੇਜਮੈਂਟ ‘ਤੇ ਸਵਾਲ ਉਠ ਖੜ੍ਹੇ ਹੋਏ ਹਨ। ਇਹ ਮਾਮਲਾ ਵੀਰਵਾਰ ਦੀ ਰਾਤ IT ਪਾਰਕ ਦੇ ਉਸੇ ਹੋਟਲ ਦਾ ਹੈ, ਜਿਥੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਸਣੇਹੋਰ ਕਈ ਨਾਮੀ ਖਿਡਾਰੀ ਠਹਿਰੇ ਸਨ। ਚੰਡੀਗੜ੍ਹ ਪੁਲਿਸ ਨੂੰ ਇਸੇ ਹੋਟਲ ਵਿੱਚ ਕੁਝ ਸੱਟੇਬਾਜ਼ਾਂ ਵੱਲੋਂ ਕਮਰਾ ਬੁੱਕ ਕਰਵਾਉਣ ਦੀ ਗੁਪਤ ਸੂਚਨਾ ਮਿਲੀ।
ਗੁਪਤ ਸੂਚਨਾ ਦੇ ਆਧਾਰ ‘ਤੇ ਆਈਟੀ ਪਾਰਕ ਥਾਣੇ ਦੇ ਐਸਐਚਓ ਇੰਸਪੈਕਟਰ ਰੋਹਤਾਸ਼ ਯਾਦਵ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਟੀਮ ਸਣੇ ਰਾਤ ਕਰੀਬ 10.30 ਵਜੇ ਹੋਟਲ ‘ਤੇ ਛਾਪਾ ਮਾਰ ਕੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਰੋਹਿਤ (33) ਵਾਸੀ ਰਾਇਲ ਅਸਟੇਟ ਸੁਸਾਇਟੀ ਜ਼ੀਰਕਪੁਰ, ਮੋਹਿਤ ਭਾਰਦਵਾਜ (33) ਵਾਸੀ ਸੈਕਟਰ-26 ਬਾਪੂਧਾਮ ਕਾਲੋਨੀ ਅਤੇ ਨਵੀਨ ਕੁਮਾਰ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਵਿੱਚ ਥਾਣਾ ਆਈ.ਟੀ.ਪਾਰਕ ਦੀ ਪੁਲਿਸ ਨੇ ਦੋਸ਼ੀਆਂ ਕੋਲ ਪੁਰਾਣੇ ਇਤਿਹਾਸ ਮੁਤਾਬਕ ਹਥਿਆਰ ਹੋਣ ਦਾ ਵੀ ਸ਼ੱਕ ਜਤਾਇਆ ਹੈ। ਇਸ ਕਾਰਨ ਦੋਸ਼ੀਆਂ ਦੇ ਕਮਰਿਆਂ ਸਣੇ ਹੋਟਲ ਦੀ ਤਲਾਸ਼ੀ ਲਈ ਗਈ। ਇਸ ਸਬੰਧੀ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਜਾਂ ਹੋਟਲ ਵਿੱਚੋਂ ਕੀ-ਕੀ ਬਰਾਮਦ ਕੀਤਾ ਹੈ, ਇਸ ਦੀ ਜਾਣਕਾਰੀ ਫਿਲਹਾਲ ਜਨਤਕ ਨਹੀਂ ਹੋ ਸਕੀ ਹੈ। ਹਾਲਾਂਕਿ ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮ ਦੀ ਬਰੇਜ਼ਾ ਕਾਰ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ : ਦੇਸ਼ ਭਰ ‘ਚ ਅੱਜ ਮਨਾਈ ਜਾ ਰਹੀ ਈਦ, ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਦਿੱਤੀ ਵਧਾਈ
ਚੰਡੀਗੜ੍ਹ ਪੁਲਿਸ ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀਆਂ ਦਾ ਨੈੱਟਵਰਕ ਕਿਹੜੇ ਸ਼ਹਿਰਾਂ ਅਤੇ ਕਿਹੜੇ ਰਾਜਾਂ ਨਾਲ ਜੁੜਿਆ ਹੋਇਆ ਹੈ। ਦੋਸ਼ੀ ਕਿਸ ਤਰ੍ਹਾਂ ਹੋਟਲ ਦੇ ਕਮਰੇ ਤੋਂ ਸੱਟੇ ਦੇ ਇਸ ਧੰਦੇ ਨੂੰ ਆਪ੍ਰੇਟ ਕਰਨਾ ਚਾਹ ਰਹੇ ਸਨ। ਪੁਲਿਸ ਦੋਸ਼ੀਆਂ ਦੇ ਮੋਬਾਈਲ ਤੇ ਕਾਲ ਰਿਕਾਰਡ ਨਾਲ ਉਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: