ਬੁੱਧਵਾਰ ਨੂੰ ਚੇਤਰ ਦੇ ਨਰਾਤੇ ਸ਼ੁਰੂ ਹੋ ਗਏ। ਦੋ ਦਿਨ ਜਿਥੇ ਮੰਦਰਾਂ ਵਿੱਚ ਭਗਤਾਂ ਦੀਆਂ ਲਾਈਨਾਂ ਲੱਗੀਆਂ, ਉਥੇ ਹੀ ਹਰਿਆਣਾ ਦੇ ਸੋਨੀਪਤ ਦੇ ਹਸਪਤਾਲਾਂ ਵਿੱਚ ਭੀੜ ਵੱਧ ਗਈ। ਦਰਅਸਲ ਨਰਾਤਿਆਂ ਵਿੱਚ ਮਾਤਾ ਰਾਣੀ ਦੇ ਭਗਤਾਂ ‘ਤੇ ਕੁੱਟੂ ਦੇ ਆਟੇ ਦੀ ਮਾਰ ਪਈ ਹੈ। ਵਰਤ ਵਾਲਾ ਕੁੱਟੂ ਦਾ ਆਟਾ ਖਾਉਣ ਮਗਰੋਂ ਇੱਕ ਹੀ ਦਿਨ ਵਿੱਚ 300 ਦੇ ਕਰੀਬ ਮਰੀਜ਼ ਹੁਣ ਤੱਕ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚ ਚੁੱਕੇ ਹਨ, ਅਤੇ ਹੋਰ ਮਰੀਜ਼ਾਂ ਦਾ ਆਉਣਾ ਜਾਰੀ ਹੈ। ਵਧੇਰਿਆਂ ਨੂੰ ਮੁੱਢਲੇ ਇਲਾਜ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਹੈ। 100 ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ।
ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਬੀਮਾਰ ਪੈਣ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਡੀਸੀ ਲਿਲਤ ਸਿਵਾਚ ਨੇ ਆਟੇ ਦੇ ਸੈਂਪਲ ਲੈਣ ਦੇ ਹੁਕਮ ਦਿੱਤੇ ਹਨ। ਲੋਕਾਂ ਦੇ ਬੀਮਾਰ ਪੈਣ ਦੀ ਵੀ ਜਾਂਚ ਹੋ ਰਹੀ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਕੁੱਟੂ ਦੇ ਆਟੇ ਨਾਲ ਇੱਕ ਹੀ ਦਿਨ ਵਿੱਚ ਇੰਨੀ ਭਾਰੀ ਗਿਣਤੀ ਵਿੱਚ ਸ਼ਰਧਾਲੂ ਬੀਮਾਰ ਪਏ ਹਨ।
ਬੁੱਧਵਾਰ ਰਾਤ ਨੂੰ ਹੀ ਮਾਤਾ ਦੇ ਭਗਤਾਂ ਦਾ ਹਸਪਤਾਲ ਪਹੁੰਚਣਾ ਸ਼ੁਰੂ ਹੋ ਗਿਆ ਸੀ ਅਤੇ ਵੀਰਵਾਰ ਦੁਪਹਿਰ ਤੱਕ ਇਹ ਜਾਰੀ ਰਿਹਾ। 16-17 ਘੰਟਿਆਂ ਵਿੱਚ ਹੀ 250 ਤੋਂ ਵੱਧ ਮਰੀਜ਼ ਉਲਟੀ-ਦਸਤ ਦੀ ਸ਼ਿਕਾਇਤ ਹੋਣ ਮਗਰੋਂ ਹਸਪਤਾਲ ਪਹੁੰਚੇ। ਸਿਹਤ ਵਿਭਾਗ ਨੇ ਵੀ ਸਾਰੇ ਹਸਪਤਾਲਾਂ ਤੋਂ ਕੁੱਟੂ ਦਾ ਆਟਾ ਖਾਣ ਨਾਲ ਬੀਮਾਰ ਹੋ ਕੇ ਹਸਪਤਾਲ ਪਹੁੰਚੇ ਮਾਂ ਦੇ ਭਗਤਾਂ ਬਾਰੇ ਜਾਣਕਾਰੀ ਮੰਗੀ ਹੈ। ਬੀਮਾਰਾਂ ਦਾ ਅੰਕੜਾ ਅਜੇ ਵਧ ਸਕਦਾ ਹੈ। ਹਾਲਾਂਕਿ ਜ਼ਿਆਦਾਤਰ ਨੂੰ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪਟਿਆਲਾ ‘ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਜ਼ਬਰਦਸਤੀ ਦੇ ਵਿਰੋਧ ‘ਚ ਮਾਰੀ ਸੀ 60 ਸਾਲਾਂ ਔਰਤ
ਸੋਨੀਪਤ ਦੇ ਸਿਵਲ ਹਸਪਤਾਲ ਦੇ ਐਮ.ਓ ਡਾ.ਰਾਜੇਸ਼ ਸਿੰਘਲ ਨੇ ਦੱਸਿਆ ਕਿ ਵਰਤ ਦੌਰਾਨ ਉਨ੍ਹਾਂ ਨੇ ਕੁੱਟੂ ਦੇ ਆਟੇ ਤੋਂ ਬਣੀ ਰੋਟੀ ਖਾਧੀ ਸੀ। ਇਸ ਤੋਂ ਬਾਅਦ ਪੇਟ ਦਰਦ, ਉਲਟੀ-ਦਸਤ ਅਤੇ ਘੱਟ ਬੀ.ਪੀ. ਦੀ ਸ਼ਿਕਾਇਤ ਹੋਈ। ਜਦੋਂ ਉਨ੍ਹਾਂ ਨੂੰ ਚੱਕਰ ਆਉਣ ਲੱਗੇ ਤਾਂ ਰਿਸ਼ਤੇਦਾਰ ਹਸਪਤਾਲ ਲੈ ਗਏ। ਰਾਤ 11 ਵਜੇ ਤੋਂ ਹੀ ਮਰੀਜ਼ ਆਉਣੇ ਸ਼ੁਰੂ ਹੋ ਗਏ। ਸਵੇਰ ਤੱਕ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ 150 ਤੱਕ ਪਹੁੰਚ ਗਈ। ਜ਼ਿਆਦਾਤਰ ਮਰੀਜ਼ਾਂ ਦੀ ਹਾਲਤ ਨਾਜ਼ੁਕ ਨਹੀਂ ਹੈ। ਦੁਪਹਿਰ ਤੱਕ ਇਹ ਗਿਣਤੀ 180 ਤੱਕ ਪਹੁੰਚ ਗਈ।
ਸੋਨੀਪਤ ਦੇ ਫੂਡ ਐਂਡ ਸੇਫਟੀ ਅਫਸਰ ਵਰਿੰਦਰ ਗਹਿਲਾਵਤ ਨੇ ਕਿਹਾ ਹੈ ਕਿ ਸ਼ਹਿਰ ਵਿਚ ਕਰਿਆਨੇ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਟੀਮਾਂ ਵੱਖ-ਵੱਖ ਥਾਵਾਂ ਤੋਂ ਸੈਂਪਲ ਲੈ ਰਹੀਆਂ ਹਨ। ਸੈਂਪਲ ਲੈਣ ਤੋਂ ਬਾਅਦ ਮੇਨ ਸੋਰਸ ਤੱਕ ਜ਼ਰੂਰ ਪਹੁੰਚਿਆ ਜਾਏਗਾ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: