ਜਲੰਧਰ ਵਿੱਚ ਪ੍ਰਸ਼ਾਸਨ ਨੇ 35 ਘਰਾਂ ਨੂੰ ਢਾਹ ਦਿੱਤਾ ਹੈ। ਦਲੀਲ ਇਹ ਹੈ ਕਿ ਗੈਰ-ਕਾਨੂੰਨੀ ਸਨ। ਇਨ੍ਹਾਂ ਘਰਾਂ ਵਿੱਚ ਲੋਕ 60 ਸਾਲਾਂ ਤੋਂ ਵੱਧ ਸਮੇਂ ਤੋਂ ਰਹਿੰਦੇ ਸਨ। ਹੁਣ ਕੜਾਕੇ ਦੀ ਠੰਢ ਵਿੱਚ ਲੋਕ ਬੇਘਰ ਹੋ ਗਏ ਹਨ। ਬੱਚਿਆਂ ਅਤੇ ਬਜ਼ੁਰਗਾਂ ਦੇ ਸਿਰਾਂ ਤੋਂ ਛੱਤ ਖੋਹ ਲਈ ਗਈ ਹੈ। ਪ੍ਰਸ਼ਾਸਨ ਦੀ ਕਾਰਵਾਈ ਦੌਰਾਨ ਇੱਕ ਤਸਵੀਰ ਕਾਫੀ ਚਰਚਾ ਵਿੱਚ ਹੈ। ਇੱਕ ਬੇਸਹਾਰਾ ਅਤੇ ਬੇਘਰ ਬਜ਼ੁਰਗ ਆਪਣੇ ਕੱਪੜੇ ਲੈ ਕੇ ਲੰਘ ਰਿਹਾ ਹੈ, ਉਸ ਦੇ ਬਿਲਕੁਲ ਸਾਹਮਣੇ ਖੜ੍ਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੱਸਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ।
ਜਦੋਂ ਇਨ੍ਹਾਂ ਪਰਿਵਾਰਾਂ ਦੇ ਘਰ ਢਾਹੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਘਰ ਢਾਹੁਣ ਤੋਂ ਰੋਕਣ ਲਈ ਮਿੰਨਤਾਂ ਕੀਤੀਆਂ ਪਰ ਸਭ ਕੁਝ ਬੇਕਾਰ ਗਿਆ। ਆਪਣੇ ਖੰਡਰ ਹੋਏ ਘਰਾਂ ਨੂੰ ਦੇਖ ਕੇ ਲੋਕਾਂ ਦਾ ਦਰਦ ਮੀਡੀਆ ਦੇ ਸਾਹਮਣੇ ਝਲਕ ਗਿਆ। ਮੀਡੀਆ ਅੱਗੇ ਆਪਣੇ ਦਿਲ ਦੀ ਗੱਲ ਕੱਢਦਿਆਂ ਔਰਤਾਂ ਨੇ ਕਿਹਾ ਕਿ ਸਾਨੂੰ ਬੇਘਰ ਕਰ ਦਿੱਤਾ ਹੈ ਪਰ ਅਸੀਂ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਜਵਾਨ ਧੀਆਂ ਨੂੰ ਲੈ ਕੇ ਕਿੱਥੇ ਜਾਈਏ।
ਇਸ ਠੰਡ ਦੇ ਮੌਸਮ ਵਿੱਚ ਹੁਣ ਤਾਂ ਇਨ੍ਹਾਂ ਨੇ ਸਾਡੇ ਸਿਰਾਂ ਦੀ ਛੱਤ ਵੀ ਖੋਹ ਲਈ ਹੈ। ਇਸ ਉਮਰ ਵਿੱਚ ਸਾਨੂੰ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਾਂ ਘਰ ਲਈ ਕਿਸ਼ਤਾਂ ਅਦਾ ਕਰਨੀਆਂ ਚਾਹੀਦੀਆਂ ਹਨ। ਇਸ ਦੌਰਾਨ ਇੱਕ ਔਰਤ ਭੁੱਬਾਂ ਮਾਰ-ਮਾਰ ਕੇ ਰੋ ਰਹੀ ਸੀ, ਜਦਕਿ ਉਸ ਦੀ ਛੋਟੀ ਬੱਚੀ ਖੁਦ ਤਾਂ ਰੋ ਰਹੀ ਸੀ ਪਰ ਆਪਣੀ ਮਾਂ ਨੂੰ ਚੁੱਪ ਕਰਵਾ ਰਹੀ ਸੀ। ਉਹ ਮਾਂ ਨੂੰ ਕਹਿ ਰਹੀ ਸੀ ਕਿ ਕੋਈ ਗੱਲ ਨਹੀਂ ਮਾਂ, ਤੂੰ ਚੁੱਪ ਕਰ ਜਾ… ਇਹ ਨਜ਼ਾਰਾ ਦੇਖ ਹਰ ਕੋਈ ਭਾਵੁਕ ਹੋ ਗਿਆ।
ਇਸ ਦੌਰਾਨ ਇਕ ਨੌਜਵਾਨ ਰੋਂਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਕਰ ਰਿਹਾ ਸੀ ਕਿ ਉਸ ਨੇ ਬੜੀ ਮੁਸ਼ਕਲ ਨਾਲ ਪੈਸੇ ਜੋੜ ਕੇ ਮਕਾਨ ਬਣਾਇਆ ਹੈ, ਕਿਰਪਾ ਕਰਕੇ ਉਸ ਦਾ ਘਰ ਨਾ ਤੋੜੋ। ਇਸ ਦੌਰਾਨ ਇਕ ਔਰਤ ਆਪਣੇ ਘਰ ਦੀ ਛੱਤ ‘ਤੇ ਖੜ੍ਹੀ ਉੱਚੀ-ਉੱਚੀ ਰੋ ਰਹੀ ਸੀ। ਉਸਨੇ ਕਿਹਾ ਕਿ ਉਹ ਘਰ ਨਹੀਂ ਛੱਡੇਗੀ, ਸਿਰਫ ਉਸਦੀ ਲਾਸ਼ ਹੀ ਘਰ ਛੱਡੇਗੀ। ਇਸ ਤੋਂ ਬਾਅਦ ਮਹਿਲਾ ਪੁਲਿਸ ਨੇ ਉਕਤ ਔਰਤ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਅਤੇ ਬੁਲਡੋਜ਼ਰ ਚਲਾ ਦਿੱਤਾ।
ਔਰਤਾਂ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਹੈ। ਅਸੀਂ ਕਹਿ ਰਹੇ ਹਾਂ ਕਿ ਜ਼ਮੀਨ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਜਾਵੇ। ਉਸ ਹੱਦਬੰਦੀ ਦੇ ਵਿਚਕਾਰ ਜੇ ਉਨ੍ਹਾਂ ਦੀ ਜਗ੍ਹਾ ਆ ਜਾਂਦੀ ਤਾਂ ਉਹ ਖੁਦ ਹੀ ਜਗ੍ਹਾ ਖਾਲੀ ਕਰ ਦਿੰਦੇ ਪਰ ਪੁਲਸ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਅਤੇ ਧੱਕਾ ਦੇ ਕੇ ਉਨ੍ਹਾਂ ਦੇ ਮਕਾਨ ਢਾਹ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -: