ਲੁਧਿਆਣਾ ਵਿੱਚ ਮੁੱਲਾਂਪੁਰ ਦੇ ਰੇਲਵੇ ਕੁਆਟਰਾਂ ਵਿੱਚ ਰਹਿੰਦੇ ਦਰਜਾ ਚਾਰ ਦੇ ਮੁਲਾਜ਼ਮ (ਗੈਂਗਮੈਨ), ਉਸ ਦੇ ਪੁੱਤਰ, ਨੂੰਹ ਅਤੇ ਪੋਤੀ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਮਿਲੇ। ਚਾਰਾਂ ਦੀਆਂ ਲਾਸ਼ਾਂ ਸਵੇਰੇ ਕਮਰੇ ਵਿੱਚੋਂ ਮਿਲੀਆਂ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਾਖਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕਾਂ ਦੀ ਪਛਾਣ ਗੈਂਗਮੈਨ ਸੁਖਦੇਵ ਸਿੰਘ ਪਿੰਡ ਮਿਆਣੀ (56), ਉਸ ਦੇ ਲੜਕੇ ਜਗਦੀਪ ਸਿੰਘ (28), ਨੂੰਹ ਜੋਤੀ (26) ਅਤੇ ਪੋਤੀ ਜੋਤ (2) ਵਜੋਂ ਹੋਈ ਹੈ। ਚਾਰਾਂ ਲਾਸ਼ਾਂ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਸਾਰਿਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ ਸੁਖਦੇਵ ਸਿੰਘ ਦੇ ਦੂਜੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਰੇਲਵੇ ਵਿਭਾਗ ਵਿੱਚ ਦਰਜਾ ਚਾਰ ਦਾ ਮੁਲਾਜ਼ਮ ਸੀ ਅਤੇ ਮੁੱਲਾਂਪੁਰ ਦੀ ਰੇਲਵੇ ਕਾਲੋਨੀ ਵਿੱਚ ਬਣੇ ਕੁਆਰਟਰ ਵਿੱਚ ਰਹਿੰਦਾ ਸੀ। ਸੋਮਵਾਰ ਨੂੰ ਉਸ ਦੇ ਪਿਤਾ ਨੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਸਨ। ਇਸ ਦੌਰਾਨ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਧੀ ਅਤੇ ਜਵਾਈ ਵੀ ਘਰ ਆਏ ਹੋਏ ਸਨ। ਰਾਤ ਨੂੰ ਸਾਰਿਆਂ ਨੇ ਇਕੱਠੇ ਖਾਣਾ ਖਾਧਾ, ਜਿਸ ਤੋਂ ਬਾਅਦ ਉਸ ਦਾ ਪਿਤਾ ਸੁਖਦੇਵ ਸਿੰਘ, ਭਰਾ ਜਗਦੀਪ ਸਿੰਘ, ਭਰਜਾਈ ਜੋਤੀ ਅਤੇ ਭਤੀਜੀ ਜੋਤ ਇੱਕ ਕਮਰੇ ਵਿੱਚ ਸੌਂ ਗਏ। ਉਸ ਦੀ ਮਾਂ ਬਲਬੀਰ ਕੌਰ, ਭੈਣ ਅਤੇ ਜੀਜਾ ਆਪਣੇ ਬੱਚਿਆਂ ਨਾਲ ਦੂਜੇ ਕਮਰੇ ਵਿੱਚ ਸੌ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਵੇਰੇ ਕਰੀਬ ਸੱਤ ਵਜੇ ਜਦੋਂ ਉਸ ਦੀ ਮਾਤਾ ਬਲਬੀਰ ਕੌਰ ਨੇ ਉਨ੍ਹਾਂ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚਾਰੋਂ ਲਾਸ਼ਾਂ ਪਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜੋਤੀ ਸੱਤ ਮਹੀਨਿਆਂ ਦੀ ਗਰਭਵਤੀ ਸੀ। ਸੂਚਨਾ ਮਿਲਣ ‘ਤੇ ਥਾਣਾ ਦਾਖਾ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਅਤੇ ਰੇਲਵੇ ਪੁਲਿਸ ਸਣੇ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਰਾਤ ਨੂੰ ਘਰ ਵਿੱਚ ਬਣੇ ਖਾਣੇ ਦੇ ਸੈਂਪਲ ਵੀ ਲਏ ਹਨ। ਕਮਰੇ ਵਿੱਚ ਹੀਟਰ ਵੀ ਨਹੀਂ ਸੀ।