ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। ਹਰਜਿੰਦਰ ਸਿੰਘ ਧਾਮੀ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਨੇ ਤੇ ਬਾਗੀ ਸੁਰ ਅਪਨਾਉਣ ਵਾਲੀ ਬੀਬੀ ਜਗੀਰ ਕੌਰ ਦੀ ਕਰਾਰੀ ਹਾਰ ਹੋਈ ਹੈ। ਇਸ ਖਬਰ ਦੇ ਅੰਦਰ ਦੀ ਦਿਲਚਸਪ ਖਬਰ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਇੱਕ ਨਜ਼ਰ ਨਤੀਜਿਆਂ ‘ਤੇ ਮਾਰ ਲਓ।
191 ਮੈਂਬਰੀ ਸ਼੍ਰੋਮਣੀ ਕਮੇਟੀ ਦੇ ਸਦਨ ‘ਚੋਂ 146 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ ਤੇ ਬੀਬੀ ਜਗੀਰ ਕੌਰ ਨੂੰ ਮਹਿਜ਼ 42 ਵੋਟਾਂ ਨਾਲ ਹੀ ਸੰਤੁਸ਼ਟ ਰਹਿਣਾ ਪਿਆ।
ਸ਼੍ਰੋਮਣੀ ਕਮੇਟੀ ਦੇ ਸਦਨ ‘ਚ ਮੈਂਬਰਾਂ ਦੀ ਗਿਣਤੀ – 191
ਕੁੱਲ ਮੈਂਬਰਾਂ ਨੇ ਵੋਟ ਪਾਈ – 146
ਹਰਜਿੰਦਰ ਧਾਮੀ ਨੂੰ ਵੋਟ ਪਏ – 104
ਬੀਬੀ ਜਗੀਰ ਕੌਰ ਨੂੰ ਵੋਟ ਪਏ – 42
ਨਤੀਜਿਆਂ ਤੋਂ ਬਾਅਦ ਸ਼ੁਰੂ ਹੋਈ ਜ਼ੁਬਾਨੀ ਜੰਗ, ਵਿਰੋਧੀਆਂ ਨੇ ਖਬਰਾਂ ਫੈਲਾਈਆਂ ਕਿ ਭਾਵੇਂ ਉਹ ਹਾਰ ਗਏ ਪਰ ਉਨਾਂ ਨੂੰ 42 ਮੈਂਬਰ ਦਾ ਸਾਥ ਮਿਲਿਆ ਜੋ ਭਵਿੱਖ ‘ਚ ਅਕਾਲੀ ਦਲ ਲਈ ਚੁਣੌਤੀ ਬਣ ਸਕਦੇ ਨੇ। ਇਹ ਵੀ ਖਬਰ ਫੈਲਾਈ ਕਿ ਵਿਰੋਧੀਆਂ ‘ਤੇ ਕੀ ਅਕਾਲੀ ਦਲ ਕਾਰਵਾਈ ਕਰੇਗਾ..? ਹੁਣ ਤੁਹਾਨੂੰ ਦੱਸਦੇ ਹਾਂ ਅੰਦਰਲੀ ਗੱਲ।
ਬਾਗੀ ਬੀਬੀ ਜਗੀਰ ਕੌਰ ਨੂੰ 42 ਵੋਟਾਂ ਤਾਂ ਪਈਆਂ ਪਰ ਉਹ ਸਾਰੇ ਅਕਾਲੀ ਦਲ ਦੇ ਨਹੀਂ ਸਨ। ਅਕਾਲੀ ਦਲ ਦਾ ਧਾਰਮਿਕ ਕਾਡਰ ਅੱਜ ਵੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਗੀਰ ਕੌਰ ਦੇ ਹੱਕ ‘ਚ ਖੜਣ ਵਾਲੇ 42 ਮੈਂਬਰਾਂ ‘ਚੋਂ 34 ਮੈਂਬਰ ਤਾਂ ਉਹ ਸਨ ਜਿਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਹੈ। ਇਨ੍ਹਾਂ ‘ਚ ਜ਼ਿਆਦਾਤਰ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਤੇ ਵੱਖਰਾ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਲੋਕ ਹਨ। ਕੁਝ ਕੁ ਤਾਂ ਉਹ ਵੀ ਨੇ ਜਿਨ੍ਹਾਂ ਨੇ ਬੀਜੇਪੀ ਤੇ ਆਰ.ਐਸ.ਐਸ. ਦੇ ਦਬਾਅ ਹੇਂਠ ਮਜਬੂਰੀ ‘ਚ ਬੀਬੀ ਜਗੀਰ ਕੌਰ ਦੇ ਹੱਕ ‘ਚ ਵੋਟ ਭੁਗਤਾਈ ਹੈ।
ਅਕਾਲੀ ਦਲ ਨਾਲ ਜੁੜੇ ਸੂਤਰਾਂ ਤੋਂ ਕੁਝ ਅੰਦਰਲੀਆਂ ਜਾਣਕਾਰੀਆਂ ਵੀ ਸਾਡੇ ਹੱਥ ਲੱਗੀਆਂ ਨੇ। ਪਤਾ ਚੱਲਿਆ ਹੈ ਕਿ ਬੀਤੇ ਦਿਨੀ ਵੋਟਿੰਗ ਲਈ ਮੌਜੂਦਾ 146 ਮੈਂਬਰਾਂ ‘ਚੋਂ 7 ਜਾਂ 8 ਮੈਂਬਰ ਉਹ ਜ਼ਰੂਰ ਹਨ ਜਿਨ੍ਹਾਂ ਤੋਂ ਅਕਾਲੀ ਦਲ ਨੂੰ ਵੋਟ ਦੀ ਉਮੀਦ ਸੀ ਪਰ ਕਿਸੇ ਕਾਰਨ ਉਨ੍ਹਾਂ ਨੇ ਬੀਬੀ ਜਗੀਰ ਕੌਰ ਦਾ ਸਾਥ ਦਿੱਤਾ। ਹੁਣ ਉਹ 7-8 ਮੈਂਬਰ ਕੌਣ ਨੇ ਤੇ ਉਨ੍ਹਾਂ ਦੀ ਮਜਬੂਰੀ ਕੀ ਸੀ ਇਸ ‘ਤੇ ਮੰਥਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਮਹਿੰਗਾਈ-ਮਾਈਕ ਆਫ਼, ਬੇਰੋਜ਼ਗਾਰੀ- ਮਾਈਕ ਆਫ਼..’ ਰਾਹੁਲ ਬੇਲੋ- ‘ਵੇਖੋ ਇਹ ਸਭ ਹੁੰਦੈ ਸੰਸਦ ‘ਚ’
ਅਖੀਰ ‘ਚ ਇਹ ਵੀ ਦੱਸ ਦਿੰਦੇ ਹਾਂ ਕਿ ਅਕਾਲੀ ਦਲ ਆਪਣੀ ਦਮਦਾਰ ਜਿੱਤ ਤੋਂ ਬਾਅਦ ਵੀ ਕਿਉਂ ਉਨ੍ਹਾਂ ਨਾਰਾਜ਼ ਮੈਂਬਰਾਂ ‘ਤੇ ਮੰਥਨ ਕਰ ਰਿਹਾ ਹੈ ਜਿਨ੍ਹਾਂ 7-8 ਮੈਂਬਰਾਂ ਨੇ ਵੋਟ ਨਹੀਂ ਦਿੱਤੀ। ਇਸ ਦਾ ਕਾਰਨ ਦੱਸਿਆ ਹੈ ਸਾਡੇ ਅਕਾਲੀ ਦਲ ਦੇ ਸੂਤਰਾਂ ਨੇ, ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਵਰਕਰਾਂ ਤੇ ਅਹੁਦੇਦਾਰਾਂ ਦੇ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ, ਜੇ ਕਿਸੇ ਦੀ ਕੋਈ ਨਾਰਾਜ਼ਗੀ ਹੈ ਤਾਂ ਉਸ ਨੂੰ ਪ੍ਰਮੁੱਖਤਾ ਨਾਲ ਦੂਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: