ਨਵੀਂ ਦਿੱਲੀ : ਗੁਜਰਾਤ ਵਿੱਚ ਕਰੀਬ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਛੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਏਟੀਐਸ ਅਧਿਕਾਰੀਆਂ ਨੇ ਖੇਪ ਦੀ ਬਰਾਮਦਗੀ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਗ੍ਰਿਫਤਾਰ ਕੀਤੇ ਗਏ ਸਾਰੇ ਪਾਕਿਸਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਿਆਂਦੇ ਜਾ ਰਹੇ ਨਸ਼ੀਲੇ ਪਦਾਰਥਾਂ ਦੀ ਇੰਨੀ ਵੱਡੀ ਮਾਤਰਾ ਨੂੰ ਕਿੱਥੇ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਪਾਕਿਸਤਾਨ ਤੋਂ ਭਾਰਤ ‘ਚ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਗੁਜਰਾਤ ਦੇ ਤੱਟੀ ਇਲਾਕਿਆਂ ਰਾਹੀਂ ਵੀ ਨਸ਼ਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਵਿਚ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਫੜਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਗੁਜਰਾਤ ਏਟੀਐਸ ਨੇ ਕੋਸਟ ਗਾਰਡ ਦੇ ਨਾਲ ਮਿਲ ਕੇ ਆਈਐਮਬੀਐਲ ਤੋਂ ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖੀਰਾ ਫੜਿਆ ਹੈ। ਇਨ੍ਹਾਂ ਡਰੱਗਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਨਸ਼ੀਲੇ ਪਦਾਰਥ ਕਪੂਰਥਲਾ ਜੇਲ੍ਹ (ਪੰਜਾਬ) ਵਿੱਚ ਬੰਦ ਇੱਕ ਨਾਈਜੀਰੀਅਨ ਵੱਲੋਂ ਮੰਗਵਾਏ ਗਏ ਸਨ। ਦੋਸ਼ ਹੈ ਕਿ ਉਹ ਜੇਲ੍ਹ ਤੋਂ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਕਿਸ਼ਤੀ 6 ਮੀਲ ਤੱਕ ਭਾਰਤੀ ਸਮੁੰਦਰੀ ਹੱਦ ਵਿੱਚ ਦਾਖ਼ਲ ਹੋ ਗਈ ਸੀ। ਕਿਸ਼ਤੀ ‘ਚੋਂ ਕਰੀਬ 40 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 200 ਕਰੋੜ ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਪੁੰਛ ਮਿੰਨੀ ਬੱਸ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁ. ਦਾ ਐਲਾਨ
ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਭਾਰਤ ਲਿਆਉਣ ਦੀ ਨਾਪਾਕ ਕੋਸ਼ਿਸ਼ ਵਿੱਚ ਲੱਗੇ ਪਾਕਿਸਤਾਨੀ ਸਮੱਗਲਰਾਂ ਨੂੰ ਭਾਰਤੀ ਤੱਟ ਰੱਖਿਅਕ ਦੇ ਚੌਕਸ ਜਵਾਨਾਂ ਨੇ ਦਬੋਚ ਲਿਆ। ਪਾਕਿਸਤਾਨੀ ਕਿਸ਼ਤੀ ਗੁਜਰਾਤ ਦੇ ਜਾਖੂ ਤੱਟ ਤੋਂ ਕੁਝ ਦੂਰੀ ‘ਤੇ ਫੜੀ ਗਈ ਸੀ। ਕੁਝ ਦਿਨ ਪਹਿਲਾਂ ਅਹਿਮਦਾਬਾਦ ਪੁਲਿਸ ਨੂੰ ਵੀ ਵੱਡੀ ਕਾਮਯਾਬੀ ਮਿਲੀ ਸੀ। ਅਹਿਮਦਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲੱਖਾਂ ਰੁਪਏ ਦੇ ਮੈਫੇਡ੍ਰੋਨ (MD) ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਸੀ ਕਿ ਡੀਸੀਬੀ ਦੀ ਟੀਮ ਨੇ ਅਹਿਮਦਾਬਾਦ ਦੇ ਜੁਹਾਪੁਰਾ ਵਿੱਚ ਫਤਿਹਵਾੜੀ ਕੈਨਾਲ ਰੋਡ ਨੇੜੇ ਸਾਬਰਕਾਂਠਾ ਦੇ ਹਿੰਮਤਨਗਰ ਦੇ ਰਹਿਣ ਵਾਲੇ 28 ਸਾਲਾ ਸ਼ਾਹਰੁਖ ਖਾਨ ਪਠਾਨ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: