ਚੰਡੀਗੜ੍ਹ : ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਪਿੱਛੋਂ ਕਈ ਉਮੀਦਵਾਰ ਭੜਕੇ ਹੋਏ ਹਨ, ਜਿਸ ਦੇ ਚੱਲਦਿਆਂ ਬਾਗੀ ਹੋਏ ਉਮੀਦਵਾਰ 7 ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਖਿਲਾਫ ਚੋਣ ਮੈਦਾਨ ਵਿੱਚ ਨਿੱਤਰੇ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨਾਂ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਦਾ ਸ਼ਾਮਲ ਹੈ।
ਪਾਰਟੀ ਫਿਲਹਾਲ ਇਨ੍ਹਾਂ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਆਪਣੇ ਨਾਂ ਵਾਪਸ ਲੈ ਲੈਣ। ਦੂਜੇ ਪਾਸੇ ਪਾਰਟੀ ਨਾਜ਼ਦਗੀਆਂ ਵਾਪਸੀ ਦੀ ਮਿਤੀ ਤੋਂ ਬਾਅਦ ਇਨ੍ਹਾਂ ਬਾਗੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ। ਦੂਜੇ ਪਾਸੇ ਆਦਮਪੁਰ ਤੋਂ ਮਹਿੰਦਰ ਸਿੰਘ ਕੇਪੀ ਪਾਰਟੀ ਦੀ ਖੇਡ ਤੋਂ ਕਾਫੀ ਨਰਾਜ਼ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਕੋਈ ਵੱਡਾ ਕਦਮ ਚੁੱਕ ਸਕਦੇ ਹਨ।
ਕਾਂਗਰਸ ਲਈ ਸਭ ਤੋਂ ਵੱਡੀ ਬਗਾਵਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ‘ਚ ਹੋਈ ਹੈ। ਚੰਨੀ ਦੇ ਭਰਾ ਮਨੋਹਰ ਸਿੰਘ ਨੂੰ ਇਕ ਪਰਿਵਾਰ ਇਕ ਟਿਕਟ ਦੇ ਫਾਰਮੂਲੇ ਕਾਰਨ ਟਿਕਟ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੇ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਵਿਰੁੱਧ ਆਜ਼ਾਦ ਨਾਮਜ਼ਦਗੀ ਭਰੀ ਹੈ।
ਨਵਾਂਸ਼ਹਿਰ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਮੌਜੂਦਾ ਵਿਧਾਇਕ ਅੰਗਦ ਸਿੰਘ ਨੇ ਬਾਗੀ ਹੋ ਕੇ ਆਜ਼ਾਦ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਅੰਗਦ ਦੀ ਪਤਨੀ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦਿਹਾਤੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ। ਇਸ ਕਾਰਨ ਕਾਂਗਰਸ ਨੇ ਅੰਗਦ ਦੀ ਟਿਕਟ ਕੱਟ ਦਿੱਤੀ।
ਪੰਜਾਬ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਕੇਕੇ ਬਾਵਾ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਬਗਾਵਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬਾਵਾ ਦੇ ਕਰੀਬੀ ਅਮਰਜੀਤ ਸਿੰਘ ਟਿੱਕਾ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ।
ਦੂਜੇ ਪਾਸੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਪਾਰਟੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਕਿਸਾਨ ਅੰਦੋਲਨ ਦੌਰਾਨ ਲੰਮੇ ਸਮੇਂ ਤੱਕ ਜੰਤਰ-ਮੰਤਰ ‘ਤੇ ਧਰਨਾ ਦੇਣ ਵਾਲੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਵੀ ਬਗਾਵਤ ਕੀਤੀ ਹੈ। ਡਿੰਪਾ ਖਡੂਰ ਸਾਹਿਬ ਤੋਂ ਆਪਣੇ ਸਕੇ ਭਰਾ ਰਾਜਨ ਗਿੱਲ ਲਈ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਮੁੜ ਮੌਜੂਦਾ ਵਿਧਾਇਕ ਸੁਖਪਾਲ ਭੁੱਲਰ ਨੂੰ ਟਿਕਟ ਦੇ ਦਿੱਤੀ। ਡਿੰਪਾ ਨੇ ਆਪਣੇ ਭਰਾ ਹਰਪਿੰਦਰ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਸੁਨਾਮ ਤੋਂ ਟਿਕਟ ਦੀ ਮੰਗ ਕਰ ਰਹੇ ਦਮਨ ਥਿੰਦ ਬਾਜਵਾ ਵੀ ਬਾਗੀ ਹੋ ਗਏ ਹਨ। ਟਿਕਟ ਨਾ ਮਿਲਣ ਤੋਂ ਨਾਰਾਜ਼ ਦਮਨ ਨੇ ਸੁਨਾਮ ਤੋਂ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ।
ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਇਸ ਵਾਰ ਆਪਣੇ ਪੁੱਤਰ ਜਸਵਿੰਦਰ ਨੂੰ ਟਿਕਟ ਦਿਵਾਈ ਅਤੇ ਹਲਕਾ ਵੀ ਬਦਲ ਕੇ ਸੁਨਾਮ ਤੋਂ ਆਪਣਾ ਫਾਰਮ ਭਰਵਾ ਲਿਆ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਆਪਣੀ ਪਤਨੀ ਮਨਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।