ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਵਿੱਚ ਹਾਲੇ ਵੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ 80 ਲੱਖ ਲੋਕ ਅਜੇ ਵੀ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ।
6 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਵੈਕਸੀਨ ਨਹੀਂ ਮਿਲੀ ਹੈ। ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਬੱਚਿਆਂ ਨੂੰ ਡਾਇਰੀਆ ਅਤੇ ਪਾਣੀ ਨਾਲ ਹੋਣ ਵਾਲੀਆਂ ਹੋਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਜੋ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ‘ਕੋਆਰਡੀਨੇਸ਼ਨ ਆਫ ਹਿਊਮੈਨਟੇਰੀਅਨ ਅਸਿਸਟੈਂਸ ਵਿੰਗ’ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਿੰਧ ਦੇ 11 ਜ਼ਿਲ੍ਹਿਆਂ ਅਤੇ ਬਲੋਚਿਸਤਾਨ ਦੇ 2 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਪਾਣੀ ਅਜੇ ਵੀ ਬਣਿਆ ਹੋਇਆ ਹੈ। ਸਿੰਧ ਦੇ ਦਾਦੂ, ਕੰਬੇਰ-ਸ਼ਾਹਦਾਦਕੋਟ, ਖੈਰਪੁਰ, ਮੀਰਪੁਰਖਾਸ, ਜਾਮਸ਼ਰੋ, ਸੰਘਰ, ਉਮਰਕੋਟ, ਬਦੀਨ, ਸ਼ਹੀਦ ਬੇਨਜ਼ੀਰਾਬਾਦ, ਨੌਸ਼ਹਿਰੋ ਫਿਰੋਜ਼ ਅਤੇ ਬਲੋਚਿਸਤਾਨ ਦੇ ਸੋਹਬਤਪੁਰ ਅਤੇ ਜਾਫਰਾਬਾਦ ਜ਼ਿਲ੍ਹਿਆਂ ‘ਚ ਲੋਕ ਅਜੇ ਵੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹਨ। ਦੱਖਣੀ ਸਿੰਧ ਦੇ ਕਰੀਬ 2.5 ਲੱਖ ਲੋਕ ਘਰ ਵਾਪਸ ਨਹੀਂ ਆ ਸਕੇ ਹਨ।
WHO ਮੁਤਾਬਕ ਸਤੰਬਰ ਤੋਂ ਬਾਅਦ ਬਲੋਚਿਸਤਾਨ ਵਿੱਚ ਮਲੇਰੀਆ ਦੇ ਕੇਸਾਂ ਵਿੱਚ 25 ਫੀਸਦੀ, ਖੈਬਰ-ਪਖਤੂਨ ਵਿੱਚ 58 ਫੀਸਦੀ ਅਤੇ ਸਿੰਧ ਵਿੱਚ 67 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਲੋਕਾਂ ਦੇ ਸਾਹਮਣੇ ਅਨਾਜ ਦਾ ਸੰਕਟ ਅਜੇ ਵੀ ਮੰਡਰਾ ਰਿਹਾ ਹੈ। ਲਗਭਗ 11 ਲੱਖ ਲੋਕ ਅਜੇ ਵੀ ਖਾਣੇ ਦੀ ਕਮੀ ਨਾਲ ਜੂਝ ਰਹੇ ਹਨ। ਇਹ ਖਦਸ਼ਾ ਹੈ ਕਿ ਜਨਵਰੀ ਤੋਂ ਮਾਰਚ 2023 ਦੇ ਵਿਚਕਾਰ, ਐਮਰਜੈਂਸੀ ਭੋਜਨ ਸੰਕਟ ਦੇਖਿਆ ਜਾਵੇਗਾ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਘਟਨਾ, ਗੱਲ ਕਰਦੇ TTE ਦੇ ਸਿਰ ‘ਤੇ ਡਿੱਗੀ ਤਾਰ, ਸਰੀਰ ‘ਚ ਉਠੀਆਂ ਚੰਗਿਆੜੀਆਂ
ਇਸ ਸਾਲ ਭਾਰੀ ਮੀਂਹ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਪਾਕਿਸਤਾਨ ਵਿੱਚ ਭਿਆਨਕ ਹੜ੍ਹ ਆ ਗਿਆ ਸੀ। ਇਸ ਹੜ੍ਹ ਕਾਰਨ ਕਰੀਬ 3.30 ਕਰੋੜ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ। 1700 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਸੜਕਾਂ, ਪੁਲਾਂ ਅਤੇ ਇਮਾਰਤਾਂ ਵਰਗੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੜ੍ਹਾਂ ਕਾਰਨ ਪਾਕਿਸਤਾਨ ਨੂੰ 30 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: