ਸਾਊਦੀ ਅਰਬ ਵਿੱਚ ਹਰ ਸਾਲ ਹੋਣ ਵਾਲੇ ਹੱਜ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਮਾਨ ਪਹੁੰਚਦੇ ਹਨ। ਪਿਛਲੇ ਦੋ ਸਾਲਾਂ ਤੋਂ ਕੋਰੋਨਾ ਕਰਕੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਇਸ ਸਾਲ ਹੁਣ ਸਾਊਦੀ ਅਰਬ ਨੇ ਹੱਜ ਯਾਤਰਾ ਲਈ ਕੁਝ ਪਾਬੰਦੀਆਂ ਨੂੰ ਹਟਾ ਲਿਆ ਹੈ। ਇਸ ਸਾਲ ਹੱਜ ਲਈ ਭਾਰਤ ਤੋਂ 80000 ਮੁਸਲਮਾਨ ਜਾਣਗੇ, ਜਿਨ੍ਹਾਂ ਵਿੱਚੋਂ 5000 ਤੋਂ ਵੱਧ ਔਰਤਾਂ ਨੂੰ ਮੇਹਰਮ ਤੋਂ ਬਿਨਾਂ ਇਜਾਜ਼ਤ ਮਿਲੇਗੀ।
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਕਿ ਇਸ ਸਾਲ ਹੋਣ ਵਾਲੇ ਹੱਜ ਲਈ ਲਗਭਗ 80000 ਭਾਰਤੀਆਂ ਦਾ ਕੋਟਾ ਤੈਅ ਹੋ ਗਿਆ ਹੈ। ਇਸ ਸਾਲ 5000 ਤੋਂ ਵੱਧ ਮੁਸਲਿਮ ਔਰਤਾਂ ਵੀ ਬਿਨਾਂ ਮੇਹਰਮ ਦੇ ਹੱਜ ‘ਤੇ ਜਾ ਸਕਣਗੀਆਂ, ਮਤਲਬ ਔਰਤਾਂ ਬਿਨਾਂ ਖੂਨ ਦੇ ਰਿਸ਼ਤੇ ਵਾਲੇ ਬੰਦੇ ਨਾਲ ਵੀ ਹੱਜ ਕਰ ਸਕਣਗੀਆਂ।
ਨਕਵੀ ਨੇ ਕਿਹਾ ਕਿ ਦੁਨੀਆ ਵਿੱਚ ਇੰਡੋਨੇਸ਼ੀਆ ਤੋਂ ਬਾਅਦ ਭਾਰਤ ਹੀ ਸਭ ਤੋਂ ਵੱਧ ਗਿਣਤੀ ਵਿੱਚ ਹੱਜ ਯਾਤਰੀਆਂ ਨੂੰ ਭੇਜਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦੇ ਲਈ ਸਾਰੇ ਇੰਤਜ਼ਾਮ ਕਰ ਰਹੀ ਹੈ। ਹੱਜ ਜਾਣ ਲਈ ਦੇਸ਼ ਵਿੱਚ ਜੋ ਵੀ ਸੈਂਟਰ ਬਣਾਏ ਗਏ ਹਨ, ਉਨ੍ਹਾਂ ਵਿੱਚ ਟੀਕਾਕਰਨ, ਆਰਟੀ-ਪੀਸੀਆਰ ਟੈਸਟ ਮੈਨੇਜਮੈਂਟ ਦਾ ਕੰਮ ਕੀਤਾ ਜਾ ਰਿਹਾ ਹੈ।
ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਸਾਲ ਹੱਜ ਲਈ ਦੇਸ਼ ਵਿੱਚ ਹੁਣ ਤੱਕ 90 ਹਜ਼ਾਰ ਤੋਂ ਵੱਧ ਅਰਜ਼ੀਆਂ ਸਰਕਾਰ ਨੂੰ ਮਿਲੀਆਂ ਹਨ। ਇਸ ਵਾਰ ਦੇਸ਼ ਦੇ ਦਸ ਸ਼ਹਿਰਾਂ ਨੂੰ ਹੱਜ ਜਾਣ ਲਈ ਕੇਂਦਰ ਵਜੋਂ ਬਣਾਇਆ ਗਿਆ ਹੈ, ਇਨ੍ਹਾਂ ਵਿੱਚ ਮੁੰਬਈ, ਦਿੱਲੀ, ਲਖਨਊ, ਅਹਿਮਦਾਬਾਦ, ਗੁਹਾਟੀ, ਸ਼੍ਰੀਨਗਰ, ਕੋੱਚੀ, ਹੈਦਰਾਬਾਦ ਦੇ ਬੇਂਗਲੁਰੂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਦੂਜੇ ਪਾਸੇ ਸਾਊਦੀ ਅਰਬ ਵੱਲੋਂ ਜਾਰੀ ਅਡਵਾਇਜ਼ਰੀ ਮੁਤਾਬਕ ਇਸ ਸਾਲ 65 ਸਾਲ ਤੋਂ ਵੱਧ ਉਮਰ ਦੇ ਲੋਕ ਹੱਜ ਯਾਤਰਾ ‘ਤੇ ਨਹੀਂ ਜਾ ਸਕਣਗੇ। ਉਨ੍ਹਾਂ ਲਈ ਪਾਬੰਦੀਆਂ ਲਾਈਆਂ ਗਈਆਂ ਹਨ। ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਲਿਆ ਗਿਆ ਹੈ। ਹੱਜ ਨੂੰ ਲੈ ਕੇ ਸਾਊਦੀ ਦੇ ਮੰਤਰਾਲਾ ਨੇ ਕਿਹਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ ਕੋਰੋਨਾ ਟੈਸਟ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਸ ਦੇ ਨਾਲ ਹੀ ਕੁਝ ਹੋਰ ਸਿਹਤ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ।
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਜਾਣਕਾਰੀ ਦਿੱਤੀ ਹੈ ਕਿ ਹੱਜ ਯਾਤਰੀਆਂ ਲਈ ਸਾਰੀਆਂ ਤਿਆਰੀਆਂ ਸਰਕਾਰ ਦੇ ਪੱਧਰ ‘ਤੇ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਹੱਜ ਜਿਊਟੀ ਲਈ ਲਗਾਏ ਜਾਣ ਵਾਲੇ ਅਫਸਰਾਂ ਤੇ ਕਰਮਚਾਰੀਆਂ ਦੇ ਇੰਟਰਵਿਊ ਦਾ ਕੰਮ ਵੀ ਪੂਰਾ ਹੋ ਗਿਆ ਹੈ। ਹੱਜ ਯਾਤਰਾ ‘ਤੇ ਆਉਣ ਵਾਲੇ ਲੋਕਾਂ ਲਈ ਸਾਊਦੀ ਸਰਕਾਰ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕੀਤੀਆਂ ਹੋਈਆਂ ਹਨ।