ਮੋਗਾ ਤੋਂ ਪਟਿਆਲਾ ਜਾ ਰਹੀ ਖਟੜਾ ਹਾਈਵੇਅ ਬੱਸ ਸ਼ੁੱਕਰਵਾਰ ਰਾਤ 7.30 ਵਜੇ ਸਰਹਿੰਦ-ਪਟਿਆਲਾ ਰੋਡ ‘ਤੇ ਗੁਨੀਮਾਜਰਾ ਦੇ ਕੋਲ ਦਿ ਬਰਨਿੰਗ ਬੱਸ ਬਣ ਗਈ। ਇਹ ਬੱਸ ਕੁਝ ਹੀ ਪਲਾਂ ਵਿੱਚ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਬੱਸ ਵਿੱਚ ਸਵਾਰ ਕਰੀਬ ਤਿੰਨ ਦਰਜਨ ਯਾਤਰੀਆਂ ਨੂੰ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਬਚਾ ਲਿਆ। ਹਾਦਸੇ ਵਿੱਚ ਬੱਸ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ।
ਜਾਣਕਾਰੀ ਅਨੁਸਾਰ ਪਟਿਆਲਾ ਜਾ ਰਹੀ ਖਟੜਾ ਹਾਈਵੇਅ ਦੀ ਬੱਸ ਨੰਬਰ ਪੀਬੀ 11 ਬੀਆਰ 1125 ‘ਤੇ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਸ਼ਾਮ 7.30 ਵਜੇ, ਸਰਹਿੰਦ ਦੇ ਪਿੰਡ ਗੁਣੀਮਾਜਰਾ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਰਫ਼ਤਾਰ ਕਾਰਨ ਡਰਾਈਵਰ ਬੱਸ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਲੰਮੀ ਦੂਰੀ ਤੱਕ ਘਸੀਟਿਆ।
ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ। ਜਿਸ ਕਾਰਨ ਮੋਟਰਸਾਈਕਲ ਦਾ ਟੈਂਕ ਲੀਕ ਹੋ ਗਿਆ। ਟੈਂਕ ਤੋਂ ਪੈਟਰੋਲ ਸੜਕ ‘ਤੇ ਡਿੱਗਿਆ ਅਤੇ ਜ਼ਮੀਨ ਨਾਲ ਘਸੀਟਦੇ ਹੋਏ ਮੋਟਰਸਾਈਕਲ ਤੋਂ ਨਿਕਲਦੀਆਂ ਚੰਗਿਆੜੀਆਂ ਕਾਰਨ ਬੱਸ ਨੂੰ ਅੱਗ ਲੱਗ ਗਈ।
ਬੱਸ ਵਿੱਚ ਅੱਗ ਦੀਆਂ ਲਪਟਾਂ ਦੇਖ ਕੇ ਯਾਤਰੀਆਂ ਵਿੱਚ ਚੀਕ -ਚਿਹਾੜਾ ਮੱਚ ਗਿਆ। ਰਾਹਗੀਰਾਂ ਨੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੌਕੇ ਤੋਂ ਮਿਲੇ ਸ਼ਨਾਖਤੀ ਕਾਰਡਾਂ ਅਨੁਸਾਰ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਮਿਥੁਨ ਕੁਮਾਰ ਵਾਸੀ ਅਜਨਾਲੀ, ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ ਦੂਜੇ ਦੀ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ‘ਚ ਵੱਡੀ ਵਾਰਦਾਤ : ਘਰ ‘ਚ ਵੜ ਕੇ ਵੱਢਿਆ ਨੌਜਵਾਨ, ਹਸਪਤਾਲ ‘ਚ ਤੋੜਿਆ ਦਮ
ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਬੱਸ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਬੱਸ ਜ਼ਬਤ ਕਰ ਲਈ ਗਈ ਹੈ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ।