ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਅੰਮ੍ਰਿਤਸਰ ਵਿਖੇ ਭਾਜਪਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਲੱਗੇ ਧਰਨੇ ਤੋਂ ਵਾਪਸ ਪਰਤਦਿਆਂ ਰਸਤੇ ਵਿਚ ਇੱਕ ਕਿਸਾਨ ਦਾ ਐਕਸੀਡੈਂਟ ਹੋ ਗਿਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 50 ਸਾਲਾ ਕਾਬਲ ਸਿੰਘ ਵਜੋਂ ਹੋਈ ਹੈ, ਜੋ ਲਛਕਰੀ ਨੰਗਲ ਦਾ ਵਸਨੀਕ ਹੈ, ਜੋ ਪਹਿਲਾਂ ਦੇਸ਼ ਦੀ ਸੁਰੱਖਿਆ ਲਈ ਫੌਜ ਵਿੱਚ ਲੜਦਾ ਰਿਹਾ ਅਤੇ ਹੁਣ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਸੀ। ਕਾਬਲ ਸਿੰਘ ਦੇ ਪੁੱਤਰ ਜਗਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕੋਲ ਸਿਰਫ ਡੇਢ ਕਿੱਲੇ ਹੀ ਜ਼ਮੀਨ ਹੈ। ਘਰ ਦਾ ਖਰਚਾ ਪਿਤਾ ਦੀ ਪੈਨਸ਼ਨ ਨਾਲ ਹੀ ਚੱਲਦਾ ਸੀ।
ਕਾਬਲ ਸਿੰਘ ਬਹੁਤ ਵਾਰ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਧਰਨਿਆਂ ਵਿਚ ਵੀ ਗਏ ਸਨ। ਸ਼ੁੱਕਰਵਾਰ ਨੂੰ ਉਹ ਸਾਂਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਧਰਨਾ ਦੇ ਕੇ ਵਾਪਸ ਪਰਤ ਰਹੇ ਸਨ ਕਿ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖਬਰ : ਲਖੀਮਪੁਰ ‘ਚ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ, ਕਿਹਾ ਸੱਚ ਦੀ ਹੋਈ ਜਿੱਤ
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨ ਜ਼ਿਆਦਾ ਵਗ ਜਾਣ ਕਾਰਨ ਕਾਬਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਾਸਾਂਸੀ ਥਾਣੇ ਦੀ ਪੁਲਿਸ ਨੇ ਮ੍ਰਿਤਕ ਦੇਹ ਸਿਵਲ ਹਸਪਤਾਲ ਅਜਨਾਲਾ ਵਿੱਚ ਰਖਵਾਈ ਸੀ। ਜਿੱਥੇ ਸ਼ਨੀਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਫਿਰ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ।