ਪੰਜਾਬ ਦੀ ਹੁਸੈਨੀਵਾਲਾ ਸਰਹੱਦ ਨਾਲ ਲੱਗਦੀ ਬੀਐਸਐਫ ਚੌਕੀ ਨੇੜੇ ਬੀਐਸਐਫ ਦੀ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ ਅਤੇ ਦੋ ਤਸਕਰ ਬੁੱਧਵਾਰ ਰਾਤ ਨੂੰ ਭੱਜਣ ਵਿੱਚ ਕਾਮਯਾਬ ਹੋ ਗਏ। ਬੀਐਸਐਫ ਨੇ ਮੌਕੇ ਤੋਂ ਦੋ ਹੈਰੋਇਨ ਦੇ ਪੈਕੇਟ ਵੀ ਬਰਾਮਦ ਕੀਤੇ ਹਨ।
ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿ ਹੁਸੈਨੀਵਾਲਾ ਸਰਹੱਦ ਦੇ ਨਾਲ ਲਗਦੀ ਬੀਐਸਐਫ ਚੌਕੀ ਸਤਪਾਲ ਕੇ ਕੋਲ ਰਾਤ ਨੂੰ ਕੰਡਿਆਲੀ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਕੁਝ ਹਲਚਲ ਹੋਈ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਬੀਐਸਐਫ ਦੀ ਗੋਲੀ ਨਾਲ ਇੱਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ ਜਦਕਿ ਦੋ ਤਸਕਰ ਭੱਜਣ ਵਿੱਚ ਸਫਲ ਹੋ ਗਏ।
ਬੀਐਸਐਫ ਨੇ ਜ਼ਖਮੀ ਤਸਕਰ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਰਕੇ ਫਿਲਹਾਲ ਉਸ ਨੂੰ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਉਥੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਲੁੱਟ ਦੀ ਵੱਡੀ ਵਾਰਦਾਤ, ATM ‘ਚੋਂ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋਇਆ ਲੁਟੇਰਾ
ਦੂਜੇ ਪਾਸੇ ਬੀਐਸਐਫ ਨੇ ਮਾਮਲਾ ਫਿਰੋਜ਼ਪੁਰ ਪੁਲਿਸ ਨੂੰ ਸੌਂਪ ਦਿੱਤਾ ਹੈ ਅਤੇ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਅਨੁਸਾਰ ਫੜੇ ਗਏ ਇਸ ਪਾਕਿਸਤਾਨੀ ਨਾਗਰਿਕ ਦਾ ਨਾਂ ਇਰਸ਼ਾਦ ਹੈ ਅਤੇ ਉਮਰ ਕਰੀਬ 34 ਸਾਲ ਦੱਸੀ ਜਾ ਰਹੀ ਹੈ।