ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਈਸ਼ਵਰ ਚੰਦਰ ਸ਼ਰਮਾ ਦੇ ਪੁੱਤਰ ਤੇ ਬਰਖਾਸਤ ਸਬ-ਇੰਸਪੈਕਟਰ ਆਦਿਤਿਆ ਸ਼ਰਮਾ ਦਾ ਨਾਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਲੰਧਰ ਦੀ ਇਕ ਅਦਾਲਤ ਦੇ ਹੁਕਮਾਂ ‘ਤੇ ਆਦਿਤਿਆ ਸ਼ਰਮਾ ਖਿਲਾਫ ਆਈਪੀਸੀ ਦੀ ਧਾਰਾ 195ਏ, 323, 354, 341, 447, 448 ਅਤੇ 451 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਪੰਜਾਬ ਯੂਨੀਵਰਸਿਟੀ (PU) ਦੀ ਇੱਕ ਮਹਿਲਾ ਪ੍ਰੋਫੈਸਰ ਵੱਲੋਂ ਜਲੰਧਰ ਦੇ ਬਾਰਾਦਰੀ ਥਾਣੇ ਵਿੱਚ ਦਰਜ ਕਰਵਾਇਆ ਗਿਆ ਹੈ। ਇਸ ‘ਚ ਮਹਿਲਾ ਪ੍ਰੋਫੈਸਰ ਨੇ ਆਦਿਤਿਆ ਸ਼ਰਮਾ ‘ਤੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਜਲੰਧਰ ਦੀ ਅਦਾਲਤ ‘ਚ ਆਪਣੇ ਵਕੀਲ ਰਵਨੀਤ ਸ਼ਰਮਾ ਦੇ ਚੈਂਬਰ ‘ਚ ਬੈਠੀ ਸੀ ਤਾਂ ਆਦਿਤਿਆ ਸ਼ਰਮਾ ਨੇ ਉਥੇ ਆ ਕੇ ਉਸ ਨੂੰ ਧਮਕੀਆਂ ਦਿੱਤੀਆਂ। ਉਥੇ ਵਕੀਲਾਂ ਦੇ ਦਖਲ ਕਾਰਨ ਉਸ ਦੀ ਜਾਨ ਬਚ ਸਕੀ। ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਗਏ ਆਦਿਤਿਆ ਸ਼ਰਮਾ ‘ਤੇ ਪਹਿਲਾਂ ਹੀ ਦੋ ਕੇਸ ਦਰਜ ਹਨ, ਜਿਨ੍ਹਾਂ ‘ਚੋਂ ਇੱਕ ਬਲਾਤਕਾਰ ਦਾ ਹੈ।
ਪੰਜਾਬ ਯੂਨੀਵਰਸਿਟੀ (PU) ਦੀ ਮਹਿਲਾ ਪ੍ਰੋਫੈਸਰ ਮੁਤਾਬਕ ਉਸਨੇ 3 ਜੂਨ 2020 ਨੂੰ ਆਦਿਤਿਆ ਸ਼ਰਮਾ ਦੇ ਖਿਲਾਫ ਦਾਜ, ਕੁੱਟਮਾਰ ਅਤੇ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸੇ ਕੇਸ ਦੇ ਸਬੰਧ ਵਿੱਚ 11 ਅਗਸਤ 2020 ਨੂੰ ਉਹ ਜਲੰਧਰ ਅਦਾਲਤ ਵਿੱਚ ਆਪਣੇ ਵਕੀਲ ਰਵਨੀਤ ਸ਼ਰਮਾ ਦੇ ਚੈਂਬਰ ਵਿੱਚ ਗਈ ਸੀ। ਉਸੇ ਸਮੇਂ ਆਦਿਤਿਆ ਸ਼ਰਮਾ ਜ਼ਬਰਦਸਤੀ ਚੈਂਬਰ ਵਿੱਚ ਦਾਖਲ ਹੋ ਗਿਆ ਅਤੇ ਧਮਕੀਆਂ ਦੇਣ ਲੱਗਾ। ਆਦਿਤਿਆ ਨੇ ਧੱਕਾ ਮਾਰ ਕੇ ਉਸ ਨੂੰ ਜ਼ਬਰਦਸਤੀ ਚੈਂਬਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਇਸ ਘਟਨਾ ਤੋਂ ਤੁਰੰਤ ਬਾਅਦ ਉਸ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਅਤੇ ਫਿਰ 14 ਅਗਸਤ ਨੂੰ ਪੁਲਸ ਕਮਿਸ਼ਨਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ। ਜਦੋਂ ਪੁਲਸ ਨੇ ਆਦਿਤਿਆ ਸ਼ਰਮਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਨੂੰ ਅਦਾਲਤ ਦਾ ਰੁਖ਼ ਕਰਨ ਲਈ ਮਜਬੂਰ ਹੋਣਾ ਪਿਆ।
ਉਸ ਦੀ ਸ਼ਿਕਾਇਤ ਸੁਣਦਿਆਂ ਅਦਾਲਤ ਨੇ ਆਦਿਤਿਆ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਪਰ ਪੁਲਿਸ ਨੇ ਮਾਮਲੇ ਨੂੰ ਦਬਾਈ ਰੱਖਿਆ। ਹਾਲ ਹੀ ਵਿੱਚ ਜਦੋਂ ਆਈਪੀਐਸ ਅਧਿਕਾਰੀ ਨੌਨਿਹਾਲ ਸਿੰਘ ਜਲੰਧਰ ਦੇ ਪੁਲਿਸ ਕਮਿਸ਼ਨਰ ਬਣੇ ਸਨ ਤਾਂ ਉਨ੍ਹਾਂ ਅਦਾਲਤ ਦੇ ਹੁਕਮਾਂ ਮੁਤਾਬਕ ਆਦਿਤਿਆ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਲੰਧਰ ਦੇ ਬਾਰਾਦਰੀ ਥਾਣੇ ਦੇ ਸਬ-ਇੰਸਪੈਕਟਰ ਅਤੇ ਇਸ ਮਾਮਲੇ ਦੇ ਜਾਂਚ ਅਧਿਕਾਰੀ (ਆਈਓ) ਸੁਖਚੈਨ ਸਿੰਘ ਨੇ ਦੱਸਿਆ ਕਿ ਐਫਆਈਆਰ ਦਰਜ ਹੋਣ ਪਿੱਛੋਂ ਆਦਿਤਿਆ ਸ਼ਰਮਾ ਫਰਾਰ ਹੈ।
ਮਹਿਲਾ ਪ੍ਰੋਫ਼ੈਸਰ ਅਨੁਸਾਰ ਆਦਿੱਤਿਆ ਸ਼ਰਮਾ ਉਸ ਦੇ ਸੰਪਰਕ ਵਿੱਚ ਉਸ ਵੇਲੇ ਆਇਆ ਸੀ ਜਦੋਂ ਉਹ 2014 ਤੋਂ 2017 ਦਰਮਿਆਨ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਖੇਤਰੀ ਕੇਂਦਰ ਵਿੱਚ ਵਕਾਲਤ ਕਰ ਰਹੀ ਸੀ। ਐਲਐਲਬੀ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਆਦਿਤਿਆ ਨੇ ਉਸ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਨ ਲਈ ਕਿਹਾ ਤਾਂ ਆਦਿਤਿਆ ਸ਼ਰਮਾ, ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਨਾਲ, 8 ਅਤੇ 9 ਸਤੰਬਰ 2019 ਨੂੰ ਯੂਨੀਵਰਸਿਟੀ ਕੈਂਪਸ ਵਿੱਚ ਉਸਦੀ ਰਿਹਾਇਸ਼ ‘ਤੇ ਆਇਆ ਅਤੇ ਸ਼ਿਕਾਇਤ ਕਰਨ ਲਈ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਮਹਿਲਾ ਪ੍ਰੋਫੈਸਰ ਮੁਤਾਬਕ ਆਦਿਤਿਆ ਸ਼ਰਮਾ ਨੇ ਉਸ ਦਿਨ ਉਸ ਨਾਲ ਬਲਾਤਕਾਰ ਵੀ ਕੀਤਾ। ਇਸ ‘ਤੇ ਉਸ ਨੇ 20 ਸਤੰਬਰ 2019 ਨੂੰ ਹੁਸ਼ਿਆਪੁਰ ਸਦਰ ਥਾਣੇ ‘ਚ ਆਦਿਤਿਆ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਅਦਿੱਤਿਆ ਸ਼ਰਮਾ ਦੇ ਨਾਲ ਆਏ ਪੁਲਿਸ ਅਧਿਕਾਰੀ ਵਿਰੁੱਧ ਸੀਆਰਪੀਸੀ ਦੀ ਧਾਰਾ 164 ਤਹਿਤ ਹੁਸ਼ਿਆਰਪੁਰ ਅਦਾਲਤ ਵਿੱਚ ਬਿਆਨ ਵੀ ਦਰਜ ਕਰਵਾਏ। ਉਕਤ ਪੁਲਿਸ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮਹਿਲਾ ਪ੍ਰੋਫੈਸਰ ਨੇ ਦਾਅਵਾ ਕੀਤਾ ਕਿ ਬਲਾਤਕਾਰ ਦੇ ਕੇਸ ਤੋਂ ਬਚਣ ਲਈ ਆਦਿਤਿਆ ਸ਼ਰਮਾ ਨੇ ਫਰਵਰੀ-2020 ਵਿੱਚ ਉਸ ਨਾਲ ਵਿਆਹ ਕੀਤਾ ਅਤੇ ਉਸ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਹਾਲਾਂਕਿ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਹਾਈਕੋਰਟ ਨੇ ਕੇਸ ਨੂੰ ਖਤਮ ਕਰਨ ਦੀ ਬਜਾਏ ਪੈਂਡਿੰਗ ਰੱਖਿਆ। ਦੂਜੇ ਪਾਸੇ ਵਿਆਹ ਤੋਂ ਬਾਅਦ ਵੀ ਆਦਿਤਿਆ ਉਸ ਦੀ ਕੁੱਟਮਾਰ ਕਰਦਾ ਰਿਹਾ ਅਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਸਥਿਤ ਆਪਣੇ ਘਰ ਵਿੱਚ ਉਸ ਨੂੰ ਬੰਧਕ ਬਣਾ ਲਿਆ।
ਇਹ ਵੀ ਪੜ੍ਹੋ : ਪੁਲਿਸ ਦੀ ਮਦਦ ਨਾਲ ਇਤਿਹਾਸਕ ਗੁਰਦੁਆਰੇ ‘ਤੇ ਕਬਜ਼ੇ ਦੇ ਦੋਸ਼, ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ
ਮਹਿਲਾ ਪ੍ਰੋਫੈਸਰ ਮੁਤਾਬਕ ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਬੰਧਕ ਬਣਾਏ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਪਿੰਡ ਰੁੜਕਾ ਤੋਂ ਛੁਡਵਾਇਆ। ਇਸ ਘਟਨਾ ਵਿੱਚ ਵੀ ਆਦਿਤਿਆ ਸ਼ਰਮਾ ਖ਼ਿਲਾਫ਼ 3 ਜੂਨ 2020 ਨੂੰ ਜਲੰਧਰ ਦੇ ਗੁਰਾਇਆ ਥਾਣੇ ਵਿੱਚ ਆਈਪੀਸੀ ਦੀ ਧਾਰਾ 498-ਏ, 406, 323 ਅਤੇ 509 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਮਹਿਲਾ ਪ੍ਰੋਫੈਸਰ ਅਨੁਸਾਰ ਆਦਿਤਿਆ ਸ਼ਰਮਾ ਬਲਾਤਕਾਰ ਅਤੇ ਗੁਰਾਇਆ ਥਾਣੇ ਦੇ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਹੈ ਅਤੇ ਉਸ ਨੇ ਆਪਣੀ ਜ਼ਮਾਨਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਹਿਲਾ ਪ੍ਰੋਫੈਸਰ ਦੇ ਵਕੀਲ ਆਰ. ਐਸ. ਬੈਂਸ ਨੇ ਦੱਸਿਆ ਕਿ ਹਾਈ ਕੋਰਟ ਵਿੱਚ ਇਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ 16 ਨਵੰਬਰ ਨੂੰ ਹੋਣੀ ਹੈ।