ਪੰਜਾਬ ਵਿੱਚ ਸ਼ਾਨਦਾਰ ਜਿੱਤ ਮਗਰੋਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਜਲਦ ਹੀ ਆਪਣੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਸਾਰਿਆਂ ਨੂੰ 300 ਯੂਨਿਟ ਮੁਫਤ ਬਿਜਲੀ ਯਕੀਨੀ ਬਣਾਉਣ ਲਈ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਸਰਕਾਰ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਰਿਫ ਹੁਕਮਾਂ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਬਣਾ ਰਹੀ ਹੈ। ਦਿੱਲੀ ਦੇ ਸੀ. ਐੱਮ. ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਚੋਣ ਵਾਅਦਿਆਂ ਵਿੱਚੋਂ ਇਹ ਪਹਿਲੀ ਗਾਰੰਟੀ ਸੀ, ਜਿਸ ਦੇ ਜਲਦ ਲਾਗੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ, ਹਰ ਵਰਗ ਦੇ ਬਿਜਲੀ ਖਪਤਕਾਰਾਂ ਦੀ ਗਿਣਤੀ ਅਤੇ ਕੁੱਲ ਸਬਸਿਡੀ ਬਿੱਲ ਬਾਰੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਮਾਲੀ ਹਾਲਤ ਵੀ ਦੇਖੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਵੱਲੋਂ ਆਬਕਾਰੀ ਅਤੇ ਰੇਤ ਮਾਈਨਿੰਗ ਰਾਹੀਂ ਮਾਲੀਆ ਵਧਾਉਣ ਦੀ ਯੋਜਨਾ ਹੈ। ਸਰਕਾਰ ਇਸ ਸਾਲ ਆਬਕਾਰੀ ਮਾਲੀਆ ਦੁੱਗਣਾ ਕਰਨਾ ਚਾਹੁੰਦੀ ਹੈ।
ਪਾਰਟੀ ਦੇ ਉੱਚ ਅਧਿਕਾਰੀਆਂ ਨੇ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਸਾਰਿਆਂ ਨੂੰ 300 ਯੂਨਿਟ ਮੁਫਤ ਬਿਜਲੀ ਯਕੀਨੀ ਬਣਾਉਣ ਲਈ ਇੱਕ ਢਾਂਚਾ ਤਿਆਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਵੇਂ ਸਰਕਾਰ ਦਾ ਸਾਰਾ ਫੋਕਸ ਇਸ ਵੇਲੇ ਸਹੁੰ ਚੁੱਕ ‘ਤੇ ਹੈ ਪਰ ਪਾਰਟੀ ਦੇ ਉੱਚ ਅਧਿਕਾਰੀ ਪਹਿਲਾਂ ਹੀ ਸਿੱਖਿਆ ਅਤੇ ਸਿਹਤ ਸੰਭਾਲ ਨੀਤੀਆਂ ਲਈ ਮਿਲੇ ਦਿਸ਼ਾ-ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ ਦੇ ਫੈਸਲੇ ‘ਤੇ ਕਾਰਵਾਈ ਵਿੱਚ ਲੱਗੇ ਹੋਏ ਹਨ।
ਹਰੇਕ ਵਰਗ ਦੇ ਖਪਤਕਾਰਾਂ ਦੀ ਕੁੱਲ ਗਿਣਤੀ, ਸਰਕਾਰ ਦੇ ਬਿਜਲੀ ਸਬਸਿਡੀ ਦੇ ਕੁੱਲ ਬਿੱਲ ਅਤੇ ਅਦਾਇਗੀ ਨਾ ਹੋਣ ਵਾਲੀ ਸਬਸਿਡੀ ਬਾਰੇ ਪਹਿਲਾਂ ਹੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਰਾਜ ਵਿੱਚ 1 ਕਰੋੜ ਬਿਜਲੀ ਖਪਤਕਾਰ ਹਨ, ਜਿਨ੍ਹਾਂ ਵਿੱਚ 73 ਲੱਖ ਘਰੇਲੂ ਖਪਤਕਾਰ, 14 ਲੱਖ ਖੇਤੀਬਾੜੀ ਖਪਤਕਾਰ (ਜਿਨ੍ਹਾਂ ਨੂੰ ਮੁਫਤ ਬਿਜਲੀ ਸਪਲਾਈ ਮਿਲਦੀ ਹੈ), 11.50 ਲੱਖ ਵਪਾਰਕ ਖਪਤਕਾਰ ਅਤੇ 1.50 ਲੱਖ ਉਦਯੋਗਿਕ ਖਪਤਕਾਰ ਸ਼ਾਮਲ ਹਨ। ਸਰਕਾਰ ਦਾ ਸਾਲਾਨਾ ਬਿਜਲੀ ਸਬਸਿਡੀ ਦਾ ਬਿੱਲ 10,000 ਕਰੋੜ ਰੁਪਏ ਹੈ, ਜਿਸ ਵਿੱਚ ਸਿਰਫ਼ ਕਿਸਾਨਾਂ ਨੂੰ ਬਿਜਲੀ ਸਬਸਿਡੀ ਵਜੋਂ 7,180 ਕਰੋੜ ਰੁਪਏ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: