ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਵਿੱਚ ਇੱਕ ਮਹਿਲਾ ਜੱਜ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਹਮਮਪੁਰ ਵਿੱਚ ਸੋਮਵਾਰ ਨੂੰ ਇੱਕ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ (SDJM) ਨੂੰ ਇੱਕ ਅੰਡਰ ਟਰਾਇਲ ਮੁਲਜ਼ਮ ਨੇ ਚਾਕੂ ਵਿਖਾਇਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇੱਕ ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਸਮਾਂ ਰਹਿੰਦੇ ਫੜ ਲਿਆ ਗਿਆ।
ਜਸਟਿਸ ਦੇ ਚੈਂਬਰ ਵਿੱਚ ਮੌਜੂਦ ਵਕੀਲਾਂ ਅਤੇ ਅਦਾਲਤੀ ਅਮਲੇ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਵਿਅਕਤੀ ਦੀ ਪਛਾਣ ਭਗਵਾਨ ਸਾਹੂ ਵਜੋਂ ਹੋਈ ਹੈ ਅਤੇ ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਬ੍ਰਹਮਪੁਰ ਦੇ ਪੁਲਿਸ ਸੁਪਰਡੈਂਟ ਸ਼ਰਵਨ ਵਿਵੇਕ ਐਮ. ਨੇ ਕਿਹਾ ਕਿ ਘਟਨਾ ਵਿੱਚ ਐਸਡੀਜੇਐਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਉਹ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਬਟਾਲਾ ਤੋਂ ਵੱਡੀ ਖ਼ਬਰ, ਗੱਡੀ ‘ਚ ਜਾ ਰਹੇ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਸਾਹੂ ਨੂੰ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵੇਲੇ ਜਸਟਿਸ ਕੋਰਟ ਰੂਮ ਦੇ ਨਾਲ ਵਾਲੇ ਆਪਣੇ ਕਮਰੇ ‘ਚ ਕੰਮ ਕਰ ਰਹੀ ਸੀ। ਇਸ ਦੌਰਾਨ ਦੋਸ਼ੀ ਅਚਾਨਕ ਉੱਥੇ ਦਾਖਲ ਹੋ ਗਿਆ ਅਤੇ ਉਨ੍ਹਾਂ ਨੂੰ ਚਾਕੂ ਦਿਖਾਉਣ ਲੱਗਾ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਭਗਵਾਨ ਸਾਹੂ ਖ਼ਿਲਾਫ਼ ਚਾਰ ਕੇਸ ਪੈਂਡਿੰਗ ਹਨ ਅਤੇ ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਆਏ ਸਨ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਸੁਣਵਾਈ ਦੀ ਤਰੀਕ ਫਿਰ ਤੋਂ ਟਾਲ ਦਿੱਤੀ ਗਈ ਹੈ। ਇਸ ਨਾਲ ਉਸ ਨੂੰ ਬਹੁਤ ਗੁੱਸਾ ਆਇਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀਆਂ ਗੱਲਾਂ ਸੱਚੀਆਂ ਹੋ ਸਕਦੀਆਂ ਹਨ, ਫਿਰ ਵੀ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਉਸ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: