ਡੇਰਾ ਸੱਚਾ ਸੌਦਾ ਦੇ ਬਠਿੰਡਾ ਸਥਿਤ ਡੇਰਾ ਸਲਾਬਤਪੁਰ ਵਿੱਚ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਡੇਰੇ ਨੂੰ ਨੋਟਿਸ ਭੇਜਿਆ ਕੇ ਪ੍ਰਬੰਧਕਾਂ ਨੂੰ ਤਲਬ ਕੀਤਾ ਗਿਆ ਹੈ।
ਕੁਝ ਦਿਨ ਪਹਿਲਾਂ ਡੇਰੇ ਵਿੱਚ ਬਿਨਾਂ ਮਨਜ਼ੂਰੀ ਤੋਂ ਭੀੜ ਇਕੱਠੀ ਹੋਈ ਸੀ, ਜਿਸ ‘ਚ ਕੋਰੋਨਾ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀਆਂ ਸਾਵਧਾਨੀਆਂ ਨਜ਼ਰ ਨਹੀਂ ਆ ਰਹੀਆਂ ਸਨ।
ਇਹ ਉਹੀ ਭੀੜ ਸੀ, ਜਿਸ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਕਈ ਲੀਡਰ ਬੈਠੇ ਨਜ਼ਰ ਆਏ। ਉਸ ਤੋਂ ਬਾਅਦ ਬਠਿੰਡਾ ਸਥਿਤ ਡੇਰੇ ਦੀ ਸਭ ਤੋਂ ਵੱਡੀ ਸ਼ਾਖਾ ਸਲਾਬਤਪੁਰਾ ਡੇਰੇ ਵਿੱਚ ਭੀੜ ਇਕੱਠੀ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ। ਇਸ ਡੇਰੇ ਦਾ ਮੁਖੀ ਰਾਮ ਰਹੀਮ ਕਈ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਇਸ ਸਮੇਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਚਰਚਾ ਹੈ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਡੇਰੇ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ, ਸੁਰਜੀਤ ਜਿਆਣੀ, ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮੰਗਤਰਾਮ, ‘ਆਪ’ ਆਗੂ ਜਗਰੂਪ ਗਿੱਲ ਵੀ ਪੁੱਜੇ ਸਨ। ਇਹ ਭੀੜ ਐਤਵਾਰ 9 ਜਨਵਰੀ ਨੂੰ ਇਕੱਠੀ ਹੋਈ ਸੀ। ਜਦਕਿ ਚੋਣ ਕਮਿਸ਼ਨ ਵੱਲੋਂ ਭੀੜ ਇਕੱਠੀ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।
ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਅਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਭੀੜ ਇਕੱਠੀ ਕਰਨ ਦੀ ਕੋਈ ਇਜਾਜ਼ਤ ਨਹੀਂ ਲਈ ਗਈ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਮਪੁਰਾ ਫੂਲ ਦੇ ਰਿਟਰਨਿੰਗ ਅਫ਼ਸਰ ਤੋਂ ਰਿਪੋਰਟ ਮੰਗੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਕਮਿਸ਼ਨ ਦੇ ਹੁਕਮਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਡੇਰਾ ਸੱਚਾ ਸੌਦਾ ਦੀ ਸਲਾਬਤਪੁਰਾ ਬ੍ਰਾਂਚ ਦੇ ਮੈਨੇਜਰ ਹਰਚਰਨ ਸਿੰਘ ਨੇ ਦੱਸਿਆ ਕਿ ਇਹ ਕੋਈ ਵਿਸ਼ੇਸ਼ ਜਾਂ ਚੋਣ ਪ੍ਰੋਗਰਾਮ ਨਹੀਂ ਸੀ, ਸਗੋਂ ਲੋਕ ਹਰ ਸਾਲ ਵਾਂਗ ਇਥੇ ਪਹੁੰਚੇ ਸਨ। ਇਸ ਸਬੰਧੀ ਦਿਆਲਪੁਰਾ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉੱਥੇ ਆਏ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਦਿੱਤੇ ਗਏ ਸਨ।