ਵਿਆਹ ਦੇ 14 ਦਿਨਾਂ ਬਾਅਦ ਹੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਘਰੋਂ ਗਹਿਣੇ ਅਤੇ ਘਰੇਲੂ ਸਾਮਾਨ ਲੈ ਕੇ ਭੱਜ ਗਈ। ਪਤੀ ਨੂੰ ਬਾਅਦ ‘ਚ ਪਤਾ ਲੱਗਾ ਕਿ ਜਿਸ ਔਰਤ ਨਾਲ ਉਸ ਨੇ ਵਿਆਹ ਕੀਤਾ ਸੀ, ਉਸ ਨੇ ਵਿਆਹ ਦੇ ਨਾਂ ‘ਤੇ ਕਈ ਵਾਰ ਲੋਕਾਂ ਨੂੰ ਠੱਗਿਆ ਸੀ। ਮਾਮਲੇ ਦੀ ਸ਼ਿਕਾਇਤ ‘ਤੇ ਭਵਾਨੀਗੜ੍ਹ ਪੁਲਿਸ ਨੇ ਠੱਗ ਪਤਨੀ ਸਮੇਤ ਵਿਆਹ ਕਰਵਾਉਣ ਵਾਲੀਆਂ ਦੋ ਔਰਤਾਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਸੋਨੂੰ ਸਿੰਘ ਵਾਸੀ ਪਿੰਡ ਤੂੜੀ ਨੇ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਬੱਸ ਅਪਰੇਟਰ ਕੋਲ ਸਵੀਪਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮਾਮਲਾ ਪਿਛਲੇ ਸਾਲ ਦਾ ਹੈ ਜਦੋਂ ਉਸ ਦੇ ਪਿੰਡ ਦੀ ਜਸਵੀਰ ਕੌਰ ਅਤੇ ਭਵਾਨੀਗੜ੍ਹ ਦੀ ਸਿੰਦਰ ਕੌਰ ਨੇ ਉਸ ਦਾ ਭਰੋਸਾ ਜਿੱਤ ਕੇ ਸਿਮਰਨ ਕੌਰ ਨਾਂ ਦੀ ਕੁੜੀ ਨਾਲ ਇਹ ਕਹਿ ਕੇ ਵਿਆਹ ਕਰਵਾ ਦਿੱਤਾ ਕਿ ਉਹ ਗਰੀਬ ਅਤੇ ਅਨਾਥ ਹੈ।
ਪੀੜਤ ਸੋਨੂੰ ਨੇ ਦੱਸਿਆ ਕਿ ਭਵਾਨੀਗੜ੍ਹ ਦੇ ਇੱਕ ਹੋਟਲ ਵਿੱਚ ਸ਼ਗਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੇ ਬਦਲੇ ਵਿੱਚ ਉਸ ਤੋਂ 50 ਹਜ਼ਾਰ ਰੁਪਏ ਦੀ ਨਕਦੀ ਲੈ ਲਈ ਗਈ ਸੀ। 14 ਨਵੰਬਰ ਨੂੰ ਵਿਆਹ ਵਾਲੇ ਦਿਨ ਲਾੜੀ ਸਿਮਰਨ ਨੂੰ ਉਸ ਦੇ ਪਰਿਵਾਰ ਵੱਲੋਂ ਸੋਨੇ ਦਾ ਟੌਪ ਅਤੇ ਪੰਜੇਬਾਂ ਆਦਿ ਪਹਿਨਾਏ ਗਏ ਸਨ। ਪੀੜਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੋ ਔਰਤਾਂ ਲਾੜੀ ਸਿਮਰਨ ਕੌਰ ਦੀ ਮਾਸੀ ਬਣ ਕੇ ਘਰ ਆਈਆਂ ਅਤੇ 16 ਦਸੰਬਰ ਦੀ ਅੱਧੀ ਰਾਤ ਨੂੰ ਸਿਮਰਨ ਘਰ ਦੇ ਬਾਹਰ ਮੋਟਰਸਾਈਕਲ ‘ਤੇ ਖੜ੍ਹੇ ਵਿਅਕਤੀ ਨਾਲ ਕੰਧ ਟੱਪ ਕੇ ਭੱਜ ਗਈ।
ਉਸ ਨੇ ਦੱਸਿਆ ਕਿ ਜਾਣ ਵੇਲੇ ਉਹ ਸਾਰੇ ਗਹਿਣੇ, ਇੱਕ ਮੋਬਾਈਲ ਫ਼ੋਨ ਅਤੇ ਘਰੇਲੂ ਸਾਮਾਨ ਆਦਿ ਆਪਣੇ ਨਾਲ ਲੈ ਗਈ। ਪੀੜਤ ਸੋਨੂੰ ਦਾ ਦੋਸ਼ ਹੈ ਕਿ ਸਿਮਰਨ ਉਸ ਨਾਲ ਵਿਆਹ ਦੇ ਨਾਂ ‘ਤੇ ਕਰੀਬ 4.4 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਟਰਾਂਸਫਾਰਮਰ ‘ਚ ਧਮਾਕੇ ਨਾਲ 66KV ਪਾਵਰ ਗਰਿੱਡ ਨੂੰ ਲੱਗੀ ਅੱਗ, 3 ਮੁਲਾਜ਼ਮ ਆਏ ਲਪੇਟ ‘ਚ
ਦੂਜੇ ਪਾਸੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸੋਨੂੰ ਸਿੰਘ ਦੇ ਬਿਆਨਾਂ ‘ਤੇ ਪਟਿਆਲਾ ਦੀ ਰਹਿਣ ਵਾਲੀ ਸਿਮਰਨ ਕੌਰ ਸਮੇਤ ਦੋ ਕਥਿਤ ਵਿਚਲੋਣਾਂ ਸਿੰਦਰ ਕੌਰ ਅਤੇ ਜਸਵੀਰ ਕੌਰ ਦੇ ਖਿਲਾਫ਼ ਧੋਖਾਧੜੀ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: