ਬਾਲੀਵੁੱਡ ਸਟਾਰ ਸੋਨੂੰ ਸੂਦ ਮੁਸ਼ਕਲ ਵਿਚ ਫਸ ਗਏ ਹਨ। ਚੋਣ ਕਮਿਸ਼ਨ ਨੇ ਕੱਲ੍ਹ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਥਾਣਾ ਸਿਟੀ ਮੋਗਾ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਦੀ ਉਲੰਘਣਾ ਤਹਿਤ 188IPC ਦਾ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਨ੍ਹਾਂ ਨਾਲ ਗੱਡੀ ਵਿਚ ਮੁੰਬਈ ਦੇ ਕੁਝ ਲੋਕ ਘੁੰਮ ਰਹੇ ਹਨ।
ਚੋਣ ਨਿਯਮ ਅਨੁਸਾਰ ਮਤਦਾਨ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਸੂਬੇ ਵਿਚ ਨਹੀਂ ਰੁਕ ਸਕਦੇ। ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਐਤਵਾਰ ਸ਼ਾਮ ਨੂੰ ਹੀ ਸੋਨੂੰ ਸੂਦ ਸਾਊਥ ਅਫਰੀਕਾ ਰਵਾਨਾ ਹੋ ਗਏ। ਉਥੇ ਉਨ੍ਹਾਂ ਦੀ ਮੂਵੀ ਦੀ ਸ਼ੂਟਿੰਗ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਚੋਣ ਡਿਊਟੀ ‘ਚ ਤਾਇਨਾਤ ਪੁਲਿਸ ਅਫਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਸੂਦ ਮੋਗਾ ਤੋਂ ਕਾਂਗਰਸ ਟਿਕਟ ‘ਤੇ ਚੋਣ ਲੜ ਰਹੀ ਭੈਣ ਮਾਲਵਿਕਾ ਸੂਦ ਲਈ ਪ੍ਰਚਾਰ ਕਰ ਰਹੇ ਹਨ ਜਦੋਂ ਉੁਹ ਮੌਕੇ ‘ਤੇ ਪੁੱਜੇ ਤਾਂ ਸੋਨੂੰ ਇੱਕ ਮਤਦਾਨ ਕੇਂਦਰ ਦੇ ਬਾਹਰ ਇੰਡੇਵਰ ਕਾਰ ‘ਚ ਸਨ। ਉਨ੍ਹਾਂ ਨਾਲ ਮੁੰਬਈ ਦੇ ਕੁਝ ਲੋਕ ਸਨ। ਪੁਲਿਸ ਦਾ ਕਹਿਣਾ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਹਾਲਾਂਕਿ ਸੋਨੂੰ ਸੂਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕ ਵੋਟ ਖਰੀਦ ਰਹੇ ਹਨ। ਉਹ ਸਿਰਫ ਸਮਰਥਕਾਂ ਤੋਂ ਰਿਪੋਰਟ ਲੈਣ ਗਏ ਸਨ।
ਇਹ ਵੀ ਪੜ੍ਹੋ : ‘ਪੰਜਾਬ ‘ਚ ਗਠਜੋੜ ਨੂੰ ਸਫਲਤਾ ਜ਼ਰੂਰ ਮਿਲੇਗੀ, ਕਿੰਨੀ ਮਿਲੇਗੀ ਜੋਤਸ਼ੀ ਹੀ ਦੱਸ ਸਕਦਾ ਹੈ’- ਅਮਿਤ ਸ਼ਾਹ
ਪੁਲਿਸ ਨੇ ਸੋਨੂੰ ਸੂਦ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਇੰਡੇਵਰ ਦਾ ਰਿਕਾਰਡ ਕਢਵਾਇਆ ਹੈ ਜਿਸ ਵਿਚ ਪਤਾ ਲੱਗਾ ਹੈ ਕਿ ਇਹ ਕਾਰ ਸੋਨੂੰ ਸੂਦ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ‘ਤੇ ਨਹੀਂ ਹੈ। ਇਹ ਕਾਰ ਦੱਤ ਰੋਡ ਮੋਗਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੇ ਨਾਂ ‘ਤੇ ਹੈ। ਇਹ ਵੀ ਚਰਚਾ ਹੈ ਕਿ ਸੋਨੂੰ ਸੂਦ ਮੋਗਾ ਆ ਕੇ ਇਸੇ ਕਾਰ ਦਾ ਇਸਤੇਮਾਲ ਕਰਦੇ ਹਨ। ਇਹ ਕਾਰ ਅਕਸਰ ਉਨ੍ਹਾਂ ਦੇ ਘਰ ‘ਤੇ ਵੀ ਖੜ੍ਹੀ ਰਹਿੰਦੀ ਸੀ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਸੋਨੂੰ ਕਿਸੇ ਦੂਜੇ ਦੇ ਨਾਂ ‘ਤੇ ਰਜਿਸਟਰਡ ਕਾਰ ਦਾ ਇਸਤੇਮਾਲ ਕਿਉਂ ਕਰ ਰਹੇ ਸੀ?