ਸਿੱਖਿਆ ਹੀ ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਦਾ ਆਧਾਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ, ਇਸੇ ਲਈ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਉਹ ਇਸ ਪੱਧਰ ਤੱਕ ਲਿਜਾਣਾ ਚਾਹੁੰਦੇ ਹਨ, ਤਾਂਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਵਰਗੀ ਸਿੱਖਿਆ ਸੂਬੇ ਦਾ ਹਰੇਕ ਬੱਚਾ ਸਰਕਾਰੀ ਸਕੂਲਾਂ ਤੋਂ ਹੀ ਲੈ ਸਕੇ। ਇਸੇ ਉਦੇਸ਼ ਨਾਲ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਵਿੱਚ ਭੇਜਿਆ ਗਿਆ ਹੈ, ਤਾਂ ਜੋ ਉਹ ਪੜ੍ਹਾਉਣ ਦੇ ਨਵੇਂ ਤਰੀਕੇ ਤੇ ਗੁਰ ਹਾਸਲ ਕਰ ਸਕਣ। ਹੁਣ ਇਸੇ ਲੜੀ ਵਿੱਚ ਟ੍ਰੇਨਿੰਗ ਲਈ ਹੈੱਡਮਾਸਟਰਾਂ ਦੀ ਵਾਰੀ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਦੱਸਿਆ ਕਿ ਪ੍ਰਿੰਸੀਪਲਾਂ ਮਗਰੋਂ ਹੁਣ ਸਰਕਾਰੀ ਸਕੂਲਾਂ ਦੇ ਹੈੱਡਮਸਟਰਾਂ ਨੂੰ IIM ਅਹਿਮਦਾਬਾਦ ਵਿੱਚ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਲਈ ਭੇਜਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਐਤਵਾਰ ਮੋਹਾਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਸ ਲਈ ਝੰਡੀ ਦੇ ਕੇ ਉਨ੍ਹਾਂ ਨੂੰ ਰਵਾਨਾ ਕਰਨਗੇ।
ਦੱਸ ਦੇਈਏ ਕਿ ਬੀਤੇ ਸ਼ਨੀਵਾਰ 22 ਜੁਲਾਈ ਨੂੰ 36-36 ਦੇ ਦੋ ਬੈਚਾਂ ਵਿੱਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲ ਅੱਜ ਸਿਖਲਾਈ ਲਈ ਸਿੰਗਾਪੁਰ ਰਵਾਨਾ ਹੋਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਥੇ ਮੌਜੂਦ ਰਹੇ। ਇਨ੍ਹਾਂ ਪ੍ਰਿੰਸੀਪਲ ਲਈ 24 ਜੁਲਾਈ ਤੋਂ 28 ਜੁਲਾਈ ਤੱਕ ਸਿੰਗਾਪੁਰ ਅਕੈਡਮੀ ਵਿੱਚ 5 ਦਿਨਾਂ ਦੀ ਸਿਖਲਾਈ ਸੀ, ਤਾਂਜੋ ਪੰਜਾਬ ਪਰਤ ਕੇ ਉਹ ਸੂਬੇ ਦੇ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਪ੍ਰਾਪਤ ਸਿਖਲਾਈ ਦੇ ਲਾਭ ਸਾਂਝੇ ਕਰ ਸਕਣ।
ਇਹ ਵੀ ਪੜ੍ਹੋ : AC ਚਲਾ ਕੇ ਲਓ ਸਕੂਨ ਦੀ ਨੀਂਦ, ਉਸ ਤੋਂ ਪਹਿਲਾਂ ਕਰ ਲਓ ਇਕ ਜ਼ਰੂਰੀ ਕੰਮ, ਕੂਲਿੰਗ ਹੋਵੇਗੀ ਜ਼ਬਰਦਸਤ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਚਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਹੈ। ਪੰਜਾਬ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਸਿਖਲਾਈ ਨਾ ਸਿਰਫ਼ ਸੂਬੇ ਦੀ ਸਕੂਲੀ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ, ਸਗੋਂ ਨਤੀਜਿਆਂ ਵਿੱਚ ਵੀ ਸੁਧਾਰ ਕਰੇਗੀ। ਸੂਬਾ ਸਰਕਾਰ ਪੰਜਾਬ ਦੇ ਸਿੱਖਿਆ ਮਾਡਲ ਨੂੰ ਮਿਸਾਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: