ਚੰਡੀਗੜ੍ਹ : ਬਠਿੰਡਾ ਤੋਂ ਸਾਂਸਦ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰਾਲੇ ਨੂੰ ਅਪੀਲ ਕੀਤੀ ਕਿ ਬਠਿੰਡਾ ਦੇ ਪ੍ਰਤੀਸ਼ਠਤ ਏਮਜ਼ ਇੰਸਟੀਚਿਊਟ ਦਾ ਨਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਜਾਵੇ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਸ ਮਾਮਲੇ ’ਤੇ ਦਿੱਲੀ ਵਿਚ ਕੇਂਦਰੀ ਸਿਹਤ ਮੰਤਰੀ ਸ੍ਰੀ ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਏਮਜ਼ ਬਠਿੰਡਾ ਸਿਹਤ ਸੰਭਾਲ ਸਹੂਲਤ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਣਾ ਨੌਵੇਂ ਗੁਰੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਹਨਾਂ ਨੇ ਆਪਣਾ ਜੀਵਨ ਧਰਮ ਦੀ ਰੱਖਿਆ ਲਈ ਵਾਰ ਦਿੱਤਾ ਤਾਂ ਜੋ ਧਰਮ ਦੀ ਆਜ਼ਾਦੀ ਦੀ ਮਸ਼ਾਲ ਸਾਡੀ ਪਵਿੱਤਰ ਜ਼ਮੀਨ ’ਤੇ ਹਮੇਸ਼ਾ ਬਲਦੀ ਰਹੇ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਸਾਰੇ ਲੋਕਾਂ ਦੀ ਆਜ਼ਾਦੀ ਰਾਖੀ ਲਈ ਗੁਰੂ ਸਾਹਿਬ ਦੀ ਵਚਨਬੱਧਤਾ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਇਸ ਦੇਸ਼ ਦੇ ਇਤਿਹਾਸ ਨੂੰ ਬਦਲਣ ਦੀ ਸ਼ੁਰੂਆਤ ਸੀ ਤੇ ਇਸ ਨਾਲ ਸਾਡਾ ਮਹਾਨ ਦੇਸ਼ ਬਣ ਸਕਿਆ ਜਿਥੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੁੰਦਾ ਹੈ।
ਬੀਬਾ ਬਾਦਲ ਨੇ ਇਹ ਵੀ ਕਿਹਾ ਕਿ ਜਦੋਂ ਮੁਲਕ ਮਹਾਨ ਗੁਰੂ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਮੰਨਿਆ ਹੈ ਕਿ ਉਨ੍ਹਾਂ ਨੇ ਸਰਵਉਚ ਬਲਿਦਾਨ ਦਿੱਤਾ ਤਾਂ ਉਸ ਮੇਰੇ ਮੇਰਾ ਇਹ ਮੰਨਣਾ ਹੈ ਕਿ ਇਸ ਵੱਕਾਰੀ ਸੰਸਥਾ ਦਾ ਨਾਂ ਮਹਾਨ ਗੁਰੂ ਦੇ ਨਾਂ ’ਤੇ ਰੱਖਣਾ ਬਹੁਤ ਹੀ ਚੰਗੀ ਗੱਲ ਹੋਵੇਗੀ।
ਇਸ ਦੌਰਾਨ ਐਮ ਪੀ ਨੇ ਸਿਹਤ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਦੇਸ਼ ਭਰ ਵਿਚ ਪ੍ਰਾਈਵੇਟ ਮੈਡੀਕਲ ਲੈਬਾਰਟਰੀਆਂ ਦੇ ਲੈਬ ਟੈਕਨੀਸ਼ੀਅਨਾਂ ਦਾ ਮਸਲਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੈਬਾਰਟਰੀ ਟੈਕਨੀਸ਼ੀਅਨਾਂ ਲਈ ਤੈਅ ਤਾਜ਼ਾ ਨਿਯਮਾਂ ਵਿਚ ਸਿਰਫ ਤਿੰਨ ਸ਼੍ਰੇਣੀਆਂ ਨੂੰ ਮੈਡੀਕਲ ਲੈਬਾਰਟਰੀਆਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਜਿਹਨਾਂ ਵਿਚ ਐਮ ਬੀ ਬੀ ਐਸ, ਐਮ ਡੀ, ਪੀ ਐਚ ਡੀ ਤੇ ਐਮ ਐਸ ਸੀ ਪਾਸਆਊਟ ਸ਼ਾਮਲ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਇਕ ਹਜ਼ਾਰ ਲੈਬਾਰਟਰੀਆਂ ਅਜਿਹੇ ਪ੍ਰੋਫੈਸ਼ਨਲ ਲੋਕ ਚਲਾ ਰਹੇ ਹਨ ਜਦੋਂ ਕਿ 9000 ਲੈਬਾਰਟਰੀਆਂ ਬੀ ਐਸ ਸੀ ਪਾਸ ਤੇ ਡੀ ਐਮ ਐਲ ਟੀ ਦੀ ਡਿਗਰੀ ਧਾਰਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੂੰ ਲੈਬਾਰਟਰੀਆਂ ਲਈ ਪੁਰਾਣੇ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੂੰ ਨਵੇਂ ਨਿਯਮਾਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਇਹਨਾਂ ਕੋਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਜਾਰੀ ਪ੍ਰਦੂਸ਼ਣ ਆਥਰੋਰਾਈਜੇਸ਼ਨ ਸਰਟੀਫਿਕੇਟ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਸਬੰਧ ਵਿਚ ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਐਂਡ ਅਲਾਇਡ ਪ੍ਰੋਫੈਸ਼ਨਲਜ਼ ਵੱਲੋਂ ਇਕ ਮੰਗ ਪੱਤਰ ਸੌਂਪਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਜੇਕਰ ਮੌਜੂਦਾ ਮੈਡੀਕਲ ਲੈਬਾਰਟਰੀਆਂ ਜਿਹਨਾਂ ਕੋਲ 2022 ਤੱਕ ਪ੍ਰਦੂਸ਼ਣ ਆਥੋਰਾਈਜੇਸ਼ਨ ਹੈ, ਨੂੰ ਮਾਨਤਾ ਦੇਣ ’ਤੇ ਐਸੋਸੀਏਸ਼ਨ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਉਨ੍ਹਾਂ ਮੰਤਰੀ ਨੂੰ ਇਸ ਮਸਲੇ ’ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ। ਸ੍ਰੀ ਮਨਸੁੱਖ ਮਾਂਡਵੀਆ ਨੇ ਸਰਦਾਰਨੀ ਬਾਦਲ ਨੂੰ ਭਰੋਸਾ ਦਿੱਤਾ ਕਿ 9000 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨਾਂ ਨੂੰ ਪੁਰਾਣੀ ਨੀਤੀ ਵਾਂਗ ਮਾਨਤਾ ਜਾਰੀ ਰਹੇਗੀ।