ਅੰਮ੍ਰਿਤਸਰ : ਯੂਕੇ ਅਤੇ ਪੰਜਾਬ ਵਿੱਚ ਵੱਸ ਰਹੇ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ ਹੈ। ਏਅਰ ਇੰਡੀਆ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ।
ਯੂਕੇ ਸਰਕਾਰ ਨੇ 8 ਅਗਸਤ ਤੋਂ ਭਾਰਤ ਦਾ ਨਾਮ ‘ਰੈੱਡ’ ਲਿਸਟ ਤੋਂ ਹਟਾ ਕੇ ਇਸਨੂੰ ‘ਏਂਬਰ’ ਲਿਸਟ ਵਿੱਚ ਪਾ ਦਿੱਤਾ ਹੈ, ਜਿਸ ਤੋਂ ਬਾਅਦ ਇਸ ਉਡਾਨ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। 16 ਅਗਸਤ ਤੋਂ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫਤੇ ਇਕ ਸਿੱਧੀ ਉਡਾਣ ਚਲਾਈ ਜਾਵੇਗੀ। ਇਹ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦਿੱਤੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਯੂਕੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਨੂੰ ਸੀਮਤ ਕਰ ਦਿੱਤਾ ਸੀ ਜਿਸ ਕਾਰਨ ਅੰਮ੍ਰਿਤਸਰ ਤੋਂ ਲੰਡਨ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਸਾਲ 23 ਅਪ੍ਰੈਲ ਤੋਂ ਯੂਕੇ ਨੇ ਭਾਰਤ ਨੂੰ ਦੂਜੀ ਕੋਵਿਡ ਲਹਿਰ ਦੇ ਕਾਰਨ ਰੈੱਡ ਲਿਸਟ ਵਿੱਚ ਰੱਖਿਆ ਸੀ ਅਤੇ ਭਾਰਤੀ ਨਾਗਰਿਕਾਂ ਦੇ ਯੂਕੇ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਬਹੁਤ ਸਾਰੇ ਮੁਸਾਫਰ ਪੰਜਾਬ ਤੇ ਯੂਕੇ ਵਿੱਚ ਫਸ ਗਏ ਸਨ।
ਇਹ ਵੀ ਪੜ੍ਹੋ : ਨਸ਼ਿਆਂ ਦੇ ਮੁੱਦੇ ‘ਤੇ ਸਿੱਧੂ ਨੇ ਕੀਤਾ ਹਮਲਾ ਤਾਂ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਪਹੁੰਚੇ ਕੈਪਟਨ
ਇਹ ਉਡਾਣ ਹਰ ਸੋਮਵਾਰ ਲੰਡਨ-ਹੀਥਰੋ ਤੋਂ ਦੁਪਹਿਰ 12.30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਨੂੰ ਮੰਗਲਵਾਰ 1:10 ਵਜੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਸਵੇਰੇ 3:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ‘ਤੇ ਕੀਤੀ ਜਾ ਸਕਦੀ ਹੈ।