ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਫੌਜਦਾਰੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਤੇ ਦੱਸਿਆ ਕਿ ਸਰਕਾਰ ਨੇ 22 ਅਕਤੂਬਰ ਨੂੰ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਚ ਮੀਟਿੰਗ ਕਰ ਕੇ ਇਹ ਸਾਜ਼ਿਸ਼ ਰਚੀ ਤੇ ਪਾਰਟੀ ਨੇ ਮੰਗ ਕੀਤੀ ਕਿ ਬੇਅਦਬੀ ਮਾਮਲੇ ਦੀ ਸਾਰੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ।
ਇਸ ਗੁਪਤ ਮੀਟਿੰਗ ਦਾ ਭਾਂਡਾ ਭੰਨਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 22 ਅਕਤੂਬਰ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਚ ਹੋਈ ਇਸ ਗੁਪਤ ਮੀਟਿੰਗ ਵਿਚ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਹਨ। ਉਹਨਾਂ ਦੱਸਿਆ ਕਿ ਮੀਟਿੰਗ ਵਿਚ ਡੀ ਜੀ ਪੀ ਆਈ ਪੀ ਐਸ ਸਹੋਤਾ, ਗ੍ਰਹਿ ਸਕੱਤਰ ਅਨੁਰਾਮ ਵਰਮਾ, ਐਡਵੋਕੇਟ ਜਨਰਲ ਆਈ ਪੀ ਐਸ ਦਿਓਲ, ਐਸ ਆਈ ਟੀ ਦੇ ਚੇਅਰਮੈਨ ਐਸ ਪੀ ਐਸ ਪਰਮਾਰ, ਏ ਆਈ ਜੀ ਆਰ ਐਸ ਸੋਹਲ, ਐਸ ਐਸ ਪੀ ਮੁਖਵਿੰਦਰ ਭੁੱਲਰ, ਡੀ ਜੀ ਪੀ ਲਖਬੀਰ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਤੋਂ ਇਲਾਵਾ ਸੇਵਾ ਮੁਕਤ ਪੁਲਿਸ ਅਫਰ ਆਰ ਐਸ ਖੱਟੜਾ ਤੇ ਸੁਲੱਖਣ ਸਿੰਘ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਜ਼ੀਰਾ ਵੀ ਸ਼ਾਮਲ ਸਨ।
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਕਾਂਗਰਸ ਸਰਕਾਰ ਨੁੰ ਦਰਪੇਸ਼ ਸੱਤਾ ਵਿਰੋਧੀ ਲਹਿਰ ਨੁੰ ਖਤਮ ਕਰਨ ਦੇ ਮਕਸਦ ਨਾਲ ਸਿਆਸੀ ਵਿਰੋਧੀਆਂ ਖਾਸ ਤੌਰ ’ਤੇ ਬਾਦਲ ਪਰਿਵਾਰ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਲੋਕਾਂ ਦਾ ਧਿਆਨ ਪਾਸੇ ਕਰਨਾ ਸੀ। ਉਹਨਾਂ ਕਿਹਾ ਕਿ ਸਾਬਕਾ ਆਈ ਜੀ ਆਰ ਐਸ ਖੱਟੜਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਕਿ ਉਹ ਬਾਦਲ ਪਰਿਵਾਰ ਦੇ ਖਿਲਾਫ ਝੂਠਾ ਗਵਾਹ ਤਿਆਰ ਕਰਨ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਰੰਧਾਵਾ ਵੱਲੋਂ ਸੇਵਾ ਮੁਕਤ ਪੁਲਿਸ ਅਫਸਰ, ਜੋ ਉਹਨਾਂ ਦੇ ਬਹੁਤ ਨੇੜੇ ਹੈ, ਅਤੇ ਮੁੱਖ ਮੰਤਰੀ ਦਰਮਿਆਨ ਸੌਦਾ ਤੈਅ ਕਰਵਾਉਣ ਤੋਂ ਬਾਅਦ ਖੱਟੜਾ ਨੇ ਇਸ ਲਈ ਸਹਿਮਤੀ ਦੇ ਦਿੱਤੀ। ਖੱਟੜਾ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਸਨੂੰ ਸੰਵਿਧਾਨਕ ਅਹੁਦਾ ਦਿੱਤਾ ਜਾਵੇਗਾ ਤੇ ਉਸਦੇ ਪੁੱਤਰ ਨੂੰ ਪਟਿਆਲਾ ਜਾਂ ਮਾਲਵਾ ਖਿੱਤੇ ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਗਰੇਵਾਲ ਨੇ ਕਿਹਾ ਕਿ ਇਸ ਸੌਦੇ ਦੇ ਹਿੱਸੇ ਵਜੋਂ ਖੱਟੜਾ ਨੇ ਕਾਂਗਰਸੀ ਵਰਕਰ ਰਾਜਿੰਦਰ ਕੌਰ ਮੀਮਸਾ ਨੂੰ ਅਕਾਲੀ ਦਲ ਪ੍ਰਧਾਨ ਦੇ ਖਿਲਾਫ ਝੂਠੇ ਗਵਾਹ ਵਜੋਂ ਪੇਸ਼ ਹੋਣ ਲਈ ਤਿਆਰ ਕੀਤਾ। ਸਾਜ਼ਿਸ਼ ਇਹ ਰਚੀ ਗਈ ਕਿ ਰਾਜਿੰਦਰ ਕੌਰ ਇਕ ਪ੍ਰੈਸ ਕਾਨਫਰੰਸ ਕਰੇਗੀ ਅਤੇ ਡੀ ਜੀ ਪੀ ਨੂੰ ਫੋਨ ਕਰ ਕੇ ਪੁੱਛੇਗੀ ਕਿ ਉਸਦੀ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਜਾ ਰਹੀ। ਘੜੀ ਗਈ ਸ਼ਿਕਾਇਤ ਇਹ ਸੀ ਕਿ ਕਾਂਗਰਸੀ ਵਰਕਰ, ਜੋ ਕੁਝ ਸਮਾਂ ਅਕਾਲੀ ਦਲ ਵਿਚ ਵੀ ਰਹੀ, 2017 ਦੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਪਿੰਡ ਬਾਦਲ ਵਿਚਲੀ ਉਹਨਾਂ ਦੀ ਰਿਹਾਇਸ਼ ’ਤੇ ਪਹੁੰਚੀ ਜਿਥੇ ਉਸਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਿੰਨ ਡੇਰਾ ਸਿਰਸਾ ਵਰਕਰਾਂ ਦੇ ਨਾਲ ਵੇਖਿਆ। ਉਹਨਾਂ ਦੱਸਿਆ ਕਿ ਰਾਜਿੰਦਰ ਕੌਰ ਨੇ ਇਹ ਦਾਅਵਾ ਕਰਨਾ ਸੀ ਕਿ 2017 ਦੀਆ ਚੋਣਾਂ ਤੋਂ ਬਾਅਦ ਵੀ ਉਸਨੇ ਇਹਨਾਂ ਆਗੂਆਂ ਨੂੰ ਬਾਦਲ ਦੀ ਰਿਹਾਇਸ਼ ’ਤੇ ਵੇਖਿਆ ਤੇ ਸ. ਬਾਦਲ ਨੂੰ ਇਹ ਕਹਿੰਦੇ ਸੁਣਿਆ ਕਿ ਨਵੀਂ ਸਰਕਾਰ ਸਾਡੀ ਹੈ ਤੇ ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ।
ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਸਮੇਤ ਇਹਨਾਂ ਅਕਾਲੀ ਆਗੂਆਂ ਨੇ ਸਾਰੀ ਸਾਜ਼ਿਸ਼ ਦੇ ਵੇਰਵੇ ਦੱਸਦਿਆਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਵਿਚ ਢੁਕਵੀਂ ਕਾਰਵਾਈ ਕਰਨ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਜਲਦੀ ਹੀ ਰਾਜਪਾਲ ਨਾਲ ਮੁਲਾਕਾਤ ਵੀ ਕਰਾਂਗੇ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਰਾਜ ਭਵਨ ਦੇ ਉਸ ਹਿੱਸੇ ਦੀ 22 ਅਕਤੂਬਰ ਦੀ ਸੀ ਸੀ ਟੀ ਵੀ ਫੁਟੇਜ ਦੇਣ ਜਿਥੇ ਮੀਟਿੰਗ ਹੋਈ ਸੀ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੱਸਣ ਕਿ ਐਸ ਆਈ ਟੀ ਦੀ ਮੀਟਿੰਗ ਇਸ ਤਰੀਕੇ ਗੁਪਤ ਚੁਪ ਤਰੀਕੇ ਨਾਲ ਕਿਉਂ ਕੀਤੀ ਗਈ ਤੇ ਕਿਉਂ ਸੇਵਾ ਮੁਕਤ ਪੁਲਿਸ ਅਫਸਰ ਇਸ ਨਾਲ ਜੋੜੇ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਇਸ ਤਰੀਕੇ ਜਾਂਚ ਵਿਚ ਅਤੇ ਐਸ ਆਈ ਟੀ ਦੇ ਕੰਮ ਵਿਚ ਦਖਲ ਕਿਉਂ ਦੇ ਰਹੇ ਹਨ ਜਦੋਂ ਕਿ ਹਾਈ ਕੋਰਟ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ ਐਸ ਆਈ ਟੀ ਦੇ ਕੰਮ ਵਿਚ ਕੋਈ ਵੀ ਦਖਲ ਨਹੀਂ ਦੇਵੇਗਾ ਤੇ ਇਹ ਹਦਾਇਤਾਂ ਹਾਈ ਕੋਰਟ ਨੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਝੂਠੀ ਜਾਂਚ ਰੱਦ ਕਰਨ ਸਮੇਂ ਜਾਰੀ ਕੀਤੀਆਂ ਸਨ।
ਅਕਾਲੀ ਦਲ ਨੇ ਸੇਵਾ ਮੁਕਤ ਆਈ ਜੀ ਆਰ ਐਸ ਖੱਟੜਾ ਨੂੰ ਆਖਿਆ ਕਿ ਉਹ ਆਪਣੀ ਇਸ ਭੂਮਿਕਾ ਬਾਰੇ ਜਵਾਬ ਦੇਣ ਕਿਉਂਕਿ ਉਨ੍ਹਾਂ ਨੇ ਪਿਛਲ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲੇ ਐਸ ਆਈ ਟੀ ਦੀ ਅਗਵਾਈ ਕਰਦਿਆਂ ਆਪ ਕਿਹਾ ਸੀ ਕਿ ਸਰਕਾਰ ਦਾ ਜਾਂਚ ਵਿਚ ਕੋਈ ਦਖਲ ਨਹੀਂ ਹੈ। ਉਹਨਾਂ ਕਿਹਾ ਕਿ ਖੱਟੜਾ ਦੱਸਣ ਕਿ ਜਿਹੜੇ ਮਾਮਲੇ ਹੁਣ ਉਹ ਉਠਾ ਰਹੇ ਹਨ, ਉਹਨਾਂ ਦੀ ਜਾਂਚ ਪਹਿਲਾਂ ਕਿਉਂ ਨਹੀਂ ਕੀਤੀ ? ਉਹਨਾਂ ਪੁੱਛਿਆ ਕਿ ਕੀ ਉਹਨਾਂ ਪਹਿਲਾਂ ਬੇਈਮਾਨੀ ਨਾਲ ਜਾਂਚ ਕੀਤੀ ਸੀ ਜਾਂ ਫਿਰ ਹੁਣ ਬੇਈਮਾਨੀ ਨਾਲ ਜਾਂਚ ਦਾ ਹਿੱਸਾ ਬਣ ਰਹੇ ਹਨ ? ਇਹਨਾਂ ਆਗੂਆਂ ਨੇ ਇਹ ਵੀ ਪੁੱਛਿਆ ਕਿ ਕੀ ਉਹਨਾਂ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਜਿਸਨੇ 2017 ਦੀਆਂ ਚੋਣਾਂ ਅਕਾਲੀ ਦਲ ਦੀ ਟਿਕਅ ’ਤੇ ਲੜੀਆਂ ਸਨ, ਦੇ ਅਕਾਲੀ ਦਲ ਤੋਂ ਅਸਤੀਫੇ ਦਾ ਤਾਜ਼ਾ ਘਟਨਾਵਾਂ ਨਾਲ ਕੋਈ ਸੰਬੰਧ ਹੈ।
ਅਕਾਲੀ ਦਲ ਨੇ ਡੀ ਜੀ ਪੀ ਆਈ ਪੀ ਐਸ ਸਹੋਤਾ ਨੁੰ ਵੀ ਪੁੱਛਿਆ ਕਿ ਕੀ ਉਹ ਪਿਛਲੀ ਅਕਾਲੀ ਸਰਕਾਰ ਸਮੇਂ ਬੇਅਦਬੀ ਮਾਮਲੇ ਵਿਚ ਸ਼ਾਮਲ ਬੰਦਿਆਂ ਬਾਰੇ ਦਿੱਤੇ ਆਪਣੇ ਬਿਆਨ ’ਤੇ ਕਾਹਿਮ ਹਨ। ਉਹਨਾਂ ਕਿਹਾ ਕਿ ਸਹੋਤਾ ਨੇ ਤਾਂ ਮਾਮਲੇ ’ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਉਹ ਦੱਸਣ ਕਿ ਸੱਚ ਕੀ ਹੈ। ਉਹਨਾਂ ਦੀ ਪਹਿਲਾਂ ਕੀਤੀ ਪ੍ਰੈਸ ਕਾਨਫਰੰਸ ਜਾਂ ਫਿਰ ਮੌਜੂਦਾ ਸਮੇਂ ਵਿਚ ਰਚੀ ਜਾ ਰਹੀ ਸਾਜ਼ਿਸ਼ ।
ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੇ ਖਿਲਾਫ ਝੂਠੇ ਸਬੂਤ ਤਿਆਰ ਕਰ ਕੇ ਸਿਆਸੀ ਬਦਲਾਖੋਰੀ ਲਈ ਗੈਰ ਕਾਨੂੰਨੀ ਤਰੀਕੇ ਵਰਤਣ ਖਿਲਾਫ ਚੇਤਾਵਨੀ ਵੀ ਦਿੱਤੀ ਅਤੇ ਜ਼ੋਰ ਦੇ ਕੇ ਕਿਹਾ ਅਕਾਲੀ ਦਲ ਅਜਿਹੀਆਂ ਡਰਾਉਣ ਧਮਕਾਉਣ ਵਾਲੀਆਂ ਤਕਰੀਬਾਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲੇ ਬੇਅਦਬੀ ਕੇਸ ਦੀ ਜਾਂਚ ਦੇ ਰਾਹ ਵਿਚ ਅੜਿਕੇ ਪਾਏਸਨ ਤੇ ਇਹ ਜਾਂਚ ਸੀ ਬੀ ਆਈ ਹਵਾਲੇ ਕਰਨ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਚੰਨੀ ਸਰਕਾਰ ਪੰਜਾਬੀਆਂ ਨੂੰ ਵੰਡ ਕੇ ਕੇਂਦਰ ਦੇ ਹੱਥਾਂ ਵਿਚ ਖੇਡ ਰਹੀ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਫੋਨ ਟੈਪ ਕਰਨ ਤੱਕ ਗਈ ਹੈ। ਉਹਨਾਂ ਕਿਹਾ ਕਿ ਉਹ ਸੰਸਦ ਦੇ ਆਉਂਦੇ ਸੈਸ਼ਨ ਦੌਰਾਨ ਇਸ ਮਾਮਲੇ ਵਿਚ ਵਿਸ਼ੇਸ਼ ਅਧਿਕਾਰ ਮਤਾ ਵੀ ਪੇਸ਼ ਕਰਨਗੇ।