ਅੰਮ੍ਰਿਤਸਰ : ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਆਮ ਨਾਲੋਂ ਵੀ ਵੱਧ ਹੋ ਚੁੱਕੀਆਂ ਹਨ, ਜਿਸ ਕਰਕੇ ਕੁੜੀਆਂ ਤੇ ਔਰਤਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਜਿਹੇ ਮਨਚਲਿਆਂ ਤੇ ਛੇੜਖਾਨੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਪੁਲਿਸ ਨੇ ਔਰਤਾਂ ਦੀ ‘ਸ਼ਕਤੀ ਟੀਮ’ ਦੀ ਸ਼ੁਰੂਆਤ ਕੀਤੀ ਹੈ, ਜੋਕਿ ਮਹਿਲਾ ਸ਼ਕਤੀ ਦੀ ਨੁਮਾਇੰਦਗੀ ਕਰੇਗੀ।
ਪੁਲਿਸ ਨੇ ਦੱਸਿਆ ਕਿ ਇਸ ਟੀਮ ਦੇ ਮੈਂਬਰਾਂ ਨੂੰ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ, ਜਿੱਥੇ ਔਰਤਾਂ ਨਾਲ ਛੇੜਛਾੜ ਦੀਆਂ ਵੱਡੀ ਗਿਣਤੀ ਵਿੱਚ ਘਟਨਾਵਾਂ ਰਿਪੋਰਟ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ- ਮਿਲੀ ਅਗਾਊਂ ਜ਼ਮਾਨਤ
ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਕਿਹਾ, ‘ਸ਼ਕਤੀ ਟੀਮ’ ਦੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਥਾਵਾਂ ‘ਤੇ ਸਾਦੇ ਕੱਪੜਿਆਂ ਵਿੱਚ ਭੇਜਿਆ ਜਾਵੇਗਾ, ਜਿਥੇ ਈਵ-ਟੀਜ਼ਿੰਗ ਦੀਆਂ ਮਹੱਤਵਪੂਰਣ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਅਜਿਹੇ ਛੇੜਖਾਨੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇਗਾ। ਪੁਲਿਸ ਮੁਤਾਬਕ ਇਸ ਕਦਮ ਨਾਲ ਅੰਮ੍ਰਿਤਸਰ ਵਿੱਚ ਔਰਤਾਂ ਖਿਲਾਫ ਛੇੜਖਾਨੀ ਦੇ ਮਾਮਲਿਆਂ ਵਿੱਚ ਕਮੀ ਆ ਸਕਦੀ ਹੈ।
ਦੱਸ ਦੇਈਏ ਕਿ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਵਟਸਐਪ ਹੈਲਪਲਾਈਨ ਵੀ ਲਾਂਚ ਕੀਤੀ ਹੈ। ਇਸ ‘ਤੇ, ਨਾਗਰਿਕ ਆਲੇ-ਦੁਆਲੇ ਹੋ ਰਹੇ ਗਲਤ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣਗੇ। ਇੰਨਾ ਹੀ ਨਹੀਂ, ਜੇ ਕਿਸੇ ਨੂੰ ਪੁਲਿਸ ਦੀ ਜ਼ਰੂਰਤ ਹੈ, ਉਹ ਇਸ ਨੰਬਰ ‘ਤੇ ਮੈਸੇਜ ਕਰਕੇ ਮਦਦ ਮੰਗ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਸੀਕ੍ਰੇਸੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ।