ਲੁਧਿਆਣਾ ਵਿਚਕਾਰੋਂ ਲੰਘਦਾ ਬੁੱਢਾ ਨਾਲਾ ਪੂਰੀ ਤਰ੍ਹਾਂ ਬੇਕਾਬੂ ਹੋ ਗਿਆ ਹੈ, ਜਿਸ ਦੇ ਸਾਹਮਣੇ ਨਗਰ ਨਿਗਮ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਬੁੱਢੇ ਨਾਲੇ ਦੇ ਕਿਸੇ ਵੀ ਪੁਆਇੰਟ ਤੋਂ ਓਵਰਫਲੋਅ ਹੋਣ ਦੀ ਸਮੱਸਿਆ ਭਾਰੀ ਬਰਸਾਤ ਤੋਂ ਬਾਅਦ ਹੀ ਆਉਂਦੀ ਹੈ। ਪਰ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਤਿੰਨ ਦਿਨਾਂ ਤੋਂ ਮੀਂਹ ਰੁਕਣ ਦੇ ਬਾਵਜੂਦ ਬੁੱਢੇ ਨਾਲੇ ਦਾ ਪੱਧਰ ਹੇਠਾਂ ਨਹੀਂ ਆ ਰਿਹਾ ਹੈ।
ਇਸ ਦਾ ਕਾਰਨ ਪਿਛਲੇ ਹਿੱਸੇ ਵਿੱਚ ਮਾਛੀਵਾੜਾ, ਕੂੰਮ ਕਲਾਂ, ਚਮਕੌਰ ਸਾਹਿਬ ਅਤੇ ਰੋਪੜ ਦੇ ਖੇਤਾਂ ਵਿੱਚੋਂ ਪਾਣੀ ਛੱਡਣ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਓਵਰਲੋਡ ਹੋਣ ਕਾਰਨ ਅਗਲੇ ਹਿੱਸੇ ਵਿੱਚ ਬੁੱਢੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਇਸ ਦੇ ਸਿੱਟੇ ਵਜੋਂ ਤਾਜਪੁਰ ਰੋਡ ਤੋਂ ਹੈਬੋਵਾਲ ਨੂੰ ਜਾਂਦੇ ਰਸਤੇ ‘ਤੇ ਨਿਊ ਮਾਧੋਪੁਰੀ, ਸ਼ਿਵਪੁਰੀ, ਚੰਦਰ ਨਗਰ ਨੇੜੇ ਬੁੱਢੇ ਨਾਲੇ ਦਾ ਓਵਰਫਲੋਅ ਹੋ ਕੇ ਪਾਣੀ ਆਸ-ਪਾਸ ਦੇ ਇਲਾਕਿਆਂ ‘ਚ ਦਾਖਲ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੌਰਾਨ ਨਗਰ ਨਿਗਮ ਵੱਲੋਂ ਪਾਣੀ ਦੀ ਸਪਲਾਈ ਕੱਟਣ ਅਤੇ ਬੰਨ੍ਹ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਮੁਰੰਮਤ ਦੇ ਕੁਝ ਸਮੇਂ ਬਾਅਦ ਬੰਨ੍ਹ ਮੁੜ ਟੁੱਟ ਰਹੇ ਹਨ।
ਨਗਰ ਨਿਗਮ ਵੱਲੋਂ ਸਤਲੁਜ ਦੇ ਓਵਰਫਲੋ ਹੋਣ ਦਾ ਹਵਾਲਾ ਦਿੰਦੇ ਹੋਏ ਭੱਟੀਆਂ ਦੇ ਐੱਸ.ਟੀ.ਪੀ. ਬੰਦ ਕਰ ਦਿੱਤਾ ਗਿਆ ਹੈ। ਹੁਣ ਬਿਜਲੀ ਸਬ-ਸਟੇਸ਼ਨ ਅਤੇ ਵਰਕਸ਼ਾਪ ਤੋਂ ਇਲਾਵਾ ਐੱਸ.ਟੀ.ਪੀ. ਅੰਦਰ ਵੀ ਪਾਣੀ ਇਕੱਠਾ ਹੋਣ ਲੱਗਾ ਹੈ। ਬੁੱਢੇ ਨਾਲੇ ਦਾ ਪੱਧਰ ਘੱਟ ਨਾ ਹੋਣ ਕਾਰਨ ਐੱਸ.ਟੀ.ਪੀ. ਪਾਣੀ ਡਿਸਚਾਰਜ ਪੁਆਇੰਟ ਤੋਂ ਵਾਪਸ ਆ ਰਿਹਾ ਹੈ। ਇਸ ਦੇ ਮੱਦੇਨਜ਼ਰ ਜਮਾਲਪੁਰ ਐੱਸ.ਟੀ.ਪੀ. ਨੂੰ ਵੀ ਬੰਦ ਕੀਤਾ ਜਾ ਸਕਦਾ ਹੈ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਵਧ ਜਾਵੇਗੀ।
ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋਣ ਕਾਰਨ ਬਾਹਰੀ ਖੇਤਰ ਵਿੱਚ ਤਿੰਨ ਥਾਵਾਂ ’ਤੇ ਨਾਲੇ ਟੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਇਹ ਸਮੱਸਿਆ ਨਗਰ ਨਿਗਮ ਖੇਤਰ ਵਿੱਚ ਵੀ ਆ ਰਹੀ ਹੈ। ਇਸ ਤਹਿਤ ਤਾਜਪੁਰ ਰੋਡ ’ਤੇ ਇਕਬਾਲ ਨਗਰ ਦੇ ਬਾਹਰ ਬਣੀ ਪੁਲੀ ਨੂੰ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਪੁਰਾਣੀਆਂ ਅਤੇ ਨੀਵੀਂਆਂ ਪੁਲੀਆਂ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਜਿਨ੍ਹਾਂ ਪੁਲੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬੁੱਢੇ ਨਾਲੇ ਦੇ ਨਾਲ-ਨਾਲ ਪਾਣੀ ਭਰਨ ਵਾਲੀਆਂ ਸੜਕਾਂ ਨੂੰ ਵੀ ਕਿਸੇ ਹਾਦਸੇ ਦੇ ਖਦਸ਼ੇ ਦੇ ਮੱਦੇਨਜ਼ਰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੀ ਮਾਡਰਨ ਜੇਲ੍ਹ ‘ਚ ਗੈਂਗਵਾਰ, ਲੋਹੇ ਦੀਆਂ ਰਾਡਾਂ ਨਾਲ ਸੁੱਤੇ ਪਏ ਕੈਦੀਆਂ ‘ਤੇ ਹਮਲਾ
ਬੁੱਢੇ ਨਾਲੇ ਦੇ ਓਵਰਫਲੋਅ ਹੋਣ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਦਾਖਲ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ 24 ਘੰਟੇ ਡਿਊਟੀ ਲਗਾਈ ਹੈ। ਇਸ ਦੀ ਨਿਗਰਾਨੀ ਕਰਨ ਲਈ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਡੀ.ਸੀ. ਸੁਰਭੀ ਮਲਿਕ ਖੁਦ ਮੈਦਾਨ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਭੋਲਾ ਗਰੇਵਾਲ ਅਤੇ ਹਰਦੀਪ ਮੁੰਡੀਆ ਨੇ ਵੀ ਬੁੱਢੇ ਨਾਲੇ ਦੇ ਕੰਢੇ ਡੇਰੇ ਲਾਏ ਹੋਏ ਹਨ, ਜੋਕਿ ਆਪਣੀ ਨਿਗਰਾਨੀ ਹੇਠ ਨੀਵੇਂ ਇਲਾਕਿਆਂ ‘ਚੋਂ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਬੰਨ੍ਹ ਨੂੰ ਪੱਕਾ ਕਰਵਾਉਣ ਦਾ ਕੰਮ ਕਰਵਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: