ਲੁਧਿਆਣਾ ਵਿੱਚ ਬੁੱਧਵਾਰ ਸਵੇਰੇ 8.30 ਵਜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਸਰਕਾਰੀ ਬੱਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲਾਡੋਵਾਲ ਟੋਲ ਪਲਾਜ਼ਾ ਨੇੜੇ ਬਦਮਾਸ਼ਾਂ ਨੇ ਸਰਕਾਰੀ ਬੱਸ ਨੂੰ ਘੇਰ ਲਿਆ ਅਤੇ ਬੱਸ ਦੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ ਪਰ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਬਦਮਾਸ਼ਾਂ ਨੂੰ ਭਜਾ ਦਿੱਤਾ।
ਜਾਣਕਾਰੀ ਮੁਤਾਬਕ ਅਣਪਛਾਤੇ ਐਕਟਿਵਾ ‘ਤੇ ਸਵਾਰ ਹੋ ਕੇ ਬੱਸ ਲੁੱਟਣ ਆਏ ਸੀ। ਜਦੋਂ ਲੁੱਟੇਰਿਆਂ ਨੇ ਬੱਸ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਨੇ ਬੱਸ ਸੜਕ ਵਿਚਾਲੇ ਹੀ ਰੋਕ ਦਿੱਤੀ। ਇਸ ਵਾਰਦਾਤ ਨੂੰ ਥਾਣਾ ਲਾਡੋਵਾਲ ਤੋਂ 200 ਮੀਟਰ ਦੀ ਦੂਰੀ ‘ਤੇ ਅੰਜਾਮ ਦਿੱਤਾ ਗਿਆ। ਮੁਲਜ਼ਮ ਕੰਡਕਟਰ ਕੋਲੋਂ 3-4 ਹਜ਼ਾਰ ਰੁਪਏ ਨਕਦੀ ਅਤੇ ਉਸ ਦੀ ਚੇਨ ਖੋਹ ਕੇ ਲੈ ਗਏ।
ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਜਾਮ ਲੱਗ ਗਿਆ। ਘਟਨਾ ਦਾ ਪਤਾ ਲੱਗਣ ’ਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਡੇਢ ਘੰਟੇ ਬਾਅਦ ਮੌਕੇ ’ਤੇ ਪੁੱਜੀ। ਕੰਡਕਟਰ ਸਾਹਿਲ ਨੇ ਦੱਸਿਆ ਕਿ ਹਮਲਾਵਰਾਂ ਕੋਲ ਦੋ ਦੇਸੀ ਪਿਸਤੌਲਾਂ ਵੀ ਸਨ।
ਡਰਾਈਵਰ ਹਰਜਿੰਦਰ ਸਿੰਘ ਨੇ ਵੀ ਬੱਸ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਕੋਲ ਦੇਸੀ ਕੱਟੇ ਵੀ ਸਨ। ਕੰਡਕਟਰ ਸਾਹਿਲ ਨੇ ਦੱਸਿਆ ਕਿ ਡਰਾਈਵਰ ਅਤੇ ਬੱਸ ਨੂੰ ਪੁਲਿਸ ਥਾਣੇ ਲੈ ਗਈ ਹੈ। ਪੁਲਿਸ ਦੀ ਜਾਂਚ ਅਜੇ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਜਾਂਚ ਵਿੱਚ ਟੋਲ ਪਲਾਜ਼ਾ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਪਛਾਣ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਕੀਤੀ ਗਈ ਹੈ ਪਰ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਜੁਆਇੰਟ ਸੀਪੀ ਨਰਿੰਦਰ ਭਾਰਗਵ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ। ਸੀਸੀਟੀਵੀ ‘ਚ ਨਜ਼ਰ ਆ ਰਹੇ ਲੋਕਾਂ ਕੋਲ ਕੋਈ ਹਥਿਆਰ ਨਹੀਂ ਹੈ। ਡਰਾਈਵਰ ਅਤੇ ਕੰਡਕਟਰ ਨੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੁੱਟ ਦਾ ਰੂਪ ਦੇਣਾ ਜਲਦਬਾਜ਼ੀ ਹੋਵੇਗੀ।