ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਭਾਰਤ ਦੇ 4 ਰਾਜਾਂ ਅਤੇ ਯੂਟੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੱਕ ਆਸਟ੍ਰੇਲੀਅਨ ਅਖਬਾਰ ਮੁਤਾਬਕ ਆਸਟ੍ਰੇਲੀਆ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਨੇ ਪਿਛਲੇ ਹਫਤੇ ਆਪਣੇ ਸਿੱਖਿਆ ਏਜੰਟਾਂ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਦਾਖ਼ਲ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਆਸਟ੍ਰੇਲੀਆ ਦਾ ਗ੍ਰਹਿ ਵਿਭਾਗ ਕਸ਼ਮੀਰ ਸਣੇ ਇਨ੍ਹਾਂ 4 ਰਾਜਾਂ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਲਗਾਤਾਰ ਰੱਦ ਕਰ ਰਿਹਾ ਹੈ। ਪਿਛਲੇ ਮਹੀਨੇ ਆਸਟ੍ਰੇਲੀਆ ਦੀਆਂ 4 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ‘ਤੇ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਕਿਹਾ ਗਿਆ ਸੀ ਕਿ ਲੋਕ ਵਿਦਿਆਰਥੀ ਵੀਜ਼ਾ ਲੈ ਕੇ ਪੜ੍ਹਾਈ ਕਰਨ ਦੀ ਬਜਾਏ ਨੌਕਰੀ ਲਈ ਆਸਟ੍ਰੇਲੀਆ ਆ ਰਹੇ ਹਨ।
ਪੱਛਮੀ ਸਿਡਨੀ ਯੂਨੀਵਰਸਿਟੀ ਨੇ ਕਿਹਾ ਕਿ 2022 ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਦਾਖਲਾ ਲਿਆ, ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ। ਯੂਨੀਵਰਸਿਟੀ ਨੇ ਏਜੰਟਾਂ ਨੂੰ ਦੱਸਿਆ ਕਿ ਅਜਿਹਾ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਸਨ। ਇਨ੍ਹਾਂ ਰਾਜਾਂ ਦੇ ਵਿਦਿਆਰਥੀਆਂ ‘ਤੇ ਪਾਬੰਦੀ ਜੂਨ ਤੱਕ ਜਾਰੀ ਰਹੇਗੀ।
ਅਜਿਹਾ ਹੋਣ ਤੋਂ ਰੋਕਣ ਲਈ ਦਾਖ਼ਲਾ ਨੀਤੀ ਨੂੰ ਹੋਰ ਸਖ਼ਤ ਬਣਾਇਆ ਜਾ ਰਿਹਾ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਹਰ 4 ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚੋਂ 1 ਇੱਕ ਧੋਖਾਧੜੀ ਹੈ। ਇਸ ਕਾਰਨ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਵੀ ਵਧ ਕੇ 24.3 ਫੀਸਦੀ ਹੋ ਗਈ ਹੈ। ਜੋ ਪਿਛਲੇ 13 ਸਾਲਾਂ ਵਿੱਚ ਸਭ ਤੋਂ ਵੱਧ ਹੈ।
ਸਿਡਨੀ ਹੇਰਾਲਡ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਪੂਰੀ ਤਰ੍ਹਾਂ ਏਜੰਟਾਂ ‘ਤੇ ਨਿਰਭਰ ਹਨ। ਵਿਦਿਆਰਥੀ ਅਤੇ ਯੂਨੀਵਰਸਿਟੀ ਦੋਵੇਂ ਦਾਖ਼ਲੇ ਲਈ ਏਜੰਟਾਂ ਕੋਲ ਪਹੁੰਚਦੇ ਹਨ। ਬਦਲੇ ਵਿੱਚ ਯੂਨੀਵਰਸਿਟੀਆਂ ਏਜੰਟਾਂ ਨੂੰ ਵੱਡਾ ਕਮਿਸ਼ਨ ਦਿੰਦੀਆਂ ਹਨ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲਾ ਨੇ ਵਧਾਇਆ CM ਮਾਨ ਦਾ ਸੁਰੱਖਿਆ ਘੇਰਾ, ਮਿਲੇਗੀ Z+ ਸਕਿਓਰਿਟੀ
ਰਿਪੋਰਟ ‘ਚ ਦੱਸਿਆ ਗਿਆ ਹੈ ਕਿ 2022 ‘ਚ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੰਮ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਨੀਤੀ ‘ਚ ਅਹਿਮ ਬਦਲਾਅ ਕੀਤਾ ਹੈ। ਜਿਸ ਤੋਂ ਬਾਅਦ ਵਿਦਿਆਰਥੀ ਵੀਜ਼ੇ ਦੀ ਮੰਗ ਹੋਰ ਵਧ ਗਈ। ਦਰਅਸਲ, ਨਵੇਂ ਬਦਲਾਅ ਦੇ ਤਹਿਤ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ਦੀ ਸੀਮਾ ਨੂੰ ਹਟਾ ਦਿੱਤਾ ਗਿਆ ਸੀ। ਮਤਲਬ ਹੁਣ ਵਿਦਿਆਰਥੀ ਕਿੰਨੇ ਵੀ ਘੰਟੇ ਕੰਮ ਕਰ ਸਕਦੇ ਹਨ। ਹਾਲਾਂਕਿ ਹੁਣ ਇਸ ਨੀਤੀ ਨੂੰ ਮੁੜ ਤੋਂ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਲਬਨੀਜ਼ ਸਰਕਾਰ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ‘ਤੇ ਫਿਰ ਤੋਂ ਪਾਬੰਦੀ ਲਗਾਉਣ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: