ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਅਸ਼ਲੀਲ, ਸ਼ਰਾਬ ਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਡੀਜੇ ਆਦਿ ‘ਤੇ ਚਲਾਉਣ ‘ਤੇ ਪਾਬੰਦੀ ਲਾਈ ਹੋਈ ਹੈ, ਇਸ ਦੇ ਬਾਵਜੂਦ ਸੂਬੇ ਵਿੱਚ ਵਿਆਹ-ਸ਼ਾਦੀ ਜਾਂ ਕਿਸੇ ਫੰਕਸ਼ਨ ‘ਤੇ ਡੀਜੇ ‘ਤੇ ਧੜੱਲੇ ਨਾਲ ਅਜਿਹੇ ਗੀਤ ਲਾਏ ਜਾਂਦੇ ਹਨ। ਸ਼ਰਾਬ ਪੀ ਕੇ ਲੋਕ ਇਨ੍ਹਾਂ ਗੀਤਾਂ ‘ਤੇ ਨੱਚਦੇ-ਟੱਪਦੇ ਨਜ਼ਰ ਆਉਂਦੇ ਹਨ, ਜਿਸ ਕਰਕੇ ਕਈ ਵਾਰ ਅਜਿਹੇ ਮੌਕਿਆਂ ‘ਤੇ ਲੜਾਈ-ਝਗੜੇ ਜਾਂ ਫਿਰ ਕਿਸੇ ਤਰ੍ਹਾਂ ਦੇ ਹਾਦਸੇ ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ।
ਪਰ ਹੁਣ ਅਜਿਹਾ ਨਹੀਂ ਹੋਏਗਾ। ਅਜਿਹੇ ਗੀਤਾਂ ਸਖਤ ਐਕਸ਼ਨ ਲੈਂਦੇ ਹੋਏ ਪੰਜਾਬ ਵਿੱਚ ਡੀਜੇ ‘ਤੇ ਅਸ਼ਲੀਲਤਾ, ਸ਼ਰਾਬ ਅਤੇ ਗਨ ਕਲਚਰ ਵਧਾਉਣ ਵਾਲੇ ਗੀਤ ਵਜਾਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਪ੍ਰੋਗਰਾਮ ਦੌਰਾਨ ਡੀਜੇ ‘ਤੇ ਅਜਿਹੇ ਗੀਤ ਨਾ ਵਜਾਏ ਜਾਣ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਸ਼ਲੀਲ, ਸ਼ਰਾਬੀ, ਭੜਕਾਊ ਤੇ ਹਥਿਆਰਾਂ ਵਾਲੇ ਗਾਣੇ ਨੌਜਵਾਨਾਂ ਨੂੰ ਭੜਕਾਉਂਦੇ ਤੇ ਨਸ਼ੇ ਲਈ ਉਤਸ਼ਾਹਿਤ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਏਡੀਜੀਪੀ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਕਿਤੇ ਵੀ ਸ਼ਰਾਬ, ਨਸ਼ਿਆਂ ਨੂੰ ਉਤਸ਼ਾਹਿਤ ਕਰਨ, ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਅਤੇ ਅਸ਼ਲੀਲ ਗੀਤ ਨਾ ਚਲਾਉਣ ਦੇ ਹੁਕਮ ਦਿੱਤੇ ਹਨ ਪਰ ਡੀਜੇ ਅਜੇ ਵੀ ਪੰਜਾਬ ਵਿੱਚ ਹਰ ਥਾਂ ਅਜਿਹੇ ਮਾੜੇ ਗੀਤ ਚਲਾ ਰਹੇ ਹਨ।