ਬਨਵਾਰੀ ਲਾਲ ਪੁਰੋਹਿਤ ਨੂੰ ਸ਼ੁੱਕਰਵਾਰ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਬਨਵਾਰੀ ਲਾਲ ਪੁਰੋਹਿਤ ਇਸ ਸਮੇਂ ਤਾਮਿਲਨਾਡੂ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਆਦੇਸ਼ ਅਨੁਸਾਰ ਪੰਜਾਬ ਦੇ ਰਾਜਪਾਲ ਦਾ ਦਫਤਰ ਸਾਰੇ ਰਸਮੀ ਪ੍ਰਬੰਧ ਕਰੇਗਾ।
81 ਸਾਲ ਦੇ ਬਨਵਾਰੀ ਲਾਲ ਪੁਰੋਹਿਤ ਨੇ 1977 ਵਿੱਚ ਰਾਜਨੀਤੀ ਵਿੱਚ ਸ਼ੁਰੂਆਤ ਕੀਤੀ ਸੀ। 1978 ਵਿੱਚ ਉਨ੍ਹਾਂ ਨੇ ਵਿਦਰਭ ਅੰਦੋਲਨ ਸਮਿਤੀ ਦੀ ਟਿਕਟ ਉੱਤੇ ਨਾਗਪੁਰ ਪੂਰਬੀ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ। 1980 ਵਿੱਚ ਦੱਖਣੀ ਨਾਗਪੁਰ ਤੋਂ ਕਾਂਗਰਸ ਦੇ ਵਿਧਾਇਕ ਬਣੇ। 1982 ਵਿੱਚ, ਸ਼ਹਿਰੀ ਵਿਕਾਸ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ।
1984 ਅਤੇ 1989 ਵਿੱਚ ਉਹ ਕਾਂਗਰਸ ਦੀ ਟਿਕਟ ‘ਤੇ ਨਾਗਪੁਰ-ਕਾਮਠੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। 1991 ਵਿੱਚ ਰਾਮ ਮੰਦਰ ਮੁੱਦੇ ‘ਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। 1996 ਵਿੱਚ, ਉਹ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ ਸਨ। ਰਾਜਨੀਤੀ ਤੋਂ ਇਲਾਵਾ ਬਨਵਾਰੀ ਲਾਲ ਪੁਰੋਹਿਤ ਸਮਾਜਿਕ ਕਾਰਜਾਂ ਨਾਲ ਵੀ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਡੇਢ ਸਾਲ ਬਾਅਦ ਖੁੱਲ੍ਹਣ ਜਾ ਰਿਹਾ ਜ਼ਲਿਆਂਵਾਲਾ ਬਾਗ- PM ਕੱਲ੍ਹ ਕਰਨਗੇ ਵਰਚੁਅਲੀ ਉਦਘਾਟਨ, ਵੇਖੋ ਨਵਾਂ ਰੂਪ ਤਸਵੀਰਾਂ ‘ਚ
ਉਨ੍ਹਾਂ ਨੂੰ ਜਨਵਰੀ 2016 ਵਿੱਚ ਅਸਾਮ ਦਾ ਰਾਜਪਾਲ ਅਤੇ 6 ਅਕਤੂਬਰ 2017 ਨੂੰ ਤਾਮਿਲਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਵੇਲੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦਾ ਕਾਰਜਕਾਲ 22 ਅਗਸਤ ਨੂੰ ਸਮਾਪਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ।