ਆਮ ਆਦਮੀ ਪਾਰਟੀ ਪੰਜਾਬ ਦੇ CM ਚਿਹਰਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਮੇਤ ਭਾਰਤ ਤੋਂ ਨੌਜਵਾਨਾਂ ਦੇ ਦਿਮਾਗ ਅਤੇ ਪੈਸੇ (ਬ੍ਰੇਨ ਐਂਡ ਮਨੀ ਡਰੇਨ) ਦੇ ਪ੍ਰਵਾਸ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਮਾਨ ਨੇ ਕਿਹਾ ਕਿ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਮੈਡੀਕਲ, ਇੰਜਨੀਅਰਿੰਗ, ਸੂਚਨਾ ਸਮੇਤ ਵਿਗਿਆਨ ਦੇ ਖੇਤਰ ਵਿੱਚ ਕੋਈ ਵੀ ਆਧੁਨਿਕ ਅਤੇ ਵਿਸ਼ਵ ਪੱਧਰੀ ਯੋਜਨਾ ਲਾਗੂ ਨਹੀਂ ਕੀਤੀ ਅਤੇ ਨਾ ਹੀ ਕੋਈ ਸੁਧਾਰ ਕੀਤਾ ਹੈ, ਜਿਸ ਕਾਰਨ ਹੋਣਹਾਰ ਦਿਮਾਗ ਅਤੇ ਪੈਸਾ ਵੀ ਵਿਦੇਸ਼ਾਂ ਵਿੱਚ ਜਾ ਰਿਹਾ ਹੈ।
ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ‘ਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਹਰ ਸਾਲ ਡੇਢ ਲੱਖ ਤੋਂ ਦੋ ਲੱਖ ਨੌਜਵਾਨ ਪੜ੍ਹਾਈ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਂਦੇ ਹਨ। 30,000 ਕਰੋੜ ਰੁਪਏ ਵਿਦੇਸ਼ੀ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਨੂੰ ਫੀਸਾਂ ਅਤੇ ਹੋਰ ਖਰਚਿਆਂ ਦੇ ਰੂਪ ਵਿੱਚ ਜਾਂਦੇ ਹਨ, ਜੋ ਪੰਜਾਬ ਸਰਕਾਰ ਦੇ ਬਜਟ ਦਾ 20 ਫੀਸਦੀ ਬਣਦਾ ਹੈ।
ਸ. ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮਹਿੰਗੀ ਸਿੱਖਿਆ ਅਤੇ ਸਿੱਖਿਆ ਮਾਫੀਆ ਕਾਰਨ ਸੂਬੇ ‘ਚੋਂ ਵਿਦਿਆਰਥੀ ਆਪਣੇ ਘਰ ਅਤੇ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਪੜਨ ਲਈ ਮਜ਼ਬੂਰ ਹਨ। ਵਿਦੇਸ਼ਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਵੱਖ -ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ‘ਚ ਸੁਧਾਰ ਬੇਹੱਦ ਜ਼ਰੂਰੀ ਹੈ, ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆਂ ਜ਼ਿਆਦਾ ਤੋਂ ਜ਼ਿਆਦਾ ਗਿਣਕੀ ‘ਚ ਬਣਾਏ ਜਾਣੇ ਚਾਹੀਦੇ ਹਨ। ਮੌਜੂਦਾ ਸਰਕਾਰੀ ਯੂਨੀਵਰਸਿਟੀਆਂ ਦੀ ਖ਼ਰਾਬ ਹਾਲਤ ਨੂੰ ਠੀਕ ਕੀਤਾ ਜਾਵੇ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੀ ਫੀਸ ਨੂੰ ਨਿਯਮਿਤ ਕਰਨ ਲਈ ਠੋਸ ਯੋਜਨਾ ਬਣਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਨੇ ਸੂਬੇ ਵਿੱਚ ਨਾ ਤਾਂ ਚੰਗੀ ਅਤੇ ਵਿਗਿਆਨਕ ਸਿੱਖਿਆ ਪ੍ਰਦਾਨ ਕੀਤੀ ਹੈ ਅਤੇ ਨਾ ਹੀ ਚੰਗਾ ਜੀਵਨ ਜਿਊਣ ਲਈ ਅਗਾਂਹਵਧੂ ਮਾਹੌਲ ਸਿਰਜਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਸਰਕਾਰਾਂ ਨੇ ਸੂਬੇ ਦੇ ਕੁਦਰਤੀ ਸੋਮਿਆਂ ਨੂੰ ਲੁੱਟਣ ਅਤੇ ਆਪਣਾ ਖਜ਼ਾਨਾ ਭਰਨ ਲਈ ਸੂਬੇ ਅੰਦਰ ਨਸ਼ਾ, ਭ੍ਰਿਸ਼ਟਾਚਾਰ, ਸ਼ਰਾਬ, ਰੇਤ ਅਤੇ ਕੇਬਲ ਮਾਫੀਆ ਪੈਦਾ ਕੀਤਾ ਹੈ।