ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਇਤਿਹਾਸਕ ਜਿੱਤ ਪਿੱਛੋਂ ਅੱਜ ਦਿੱਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਪੈਰ ਛੂਹ ਕੇ ਕੇਜਰੀਵਾਲ ਤੋਂ ਅਸ਼ੀਰਵਾਦ ਲਿਆ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਗਲੇ ਲਾਇਆ। ਇਸ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਨੂੰ ਆਪਣੇ ਸਿਰ ਦਾ ਤਾਜ ਦਿੱਤਾ। ਭਗਵੰਤ ਮਾਨ ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ।
ਪਰ ਅੱਜ ਮਾਨ ਆਪਣੇ ਸਾਰੇ ਆਦਰਸ਼ਾਂ ਨੂੰ ਭੁੱਲ ਗਏ। ਉਸੇ ਦਸਤਾਰ ਨੂੰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪੈਰਾਂ ‘ਚ ਪਾਇਆ। ਇਹੀ ਕੰਮ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀ। ਠੀਕ ਇਸੇ ਤਰ੍ਹਾਂ ਉਹ ਸੋਨੀਆ ਗਾਂਧੀ ਦੇ ਪੈਰਾਂ ਵਿਚ ਜਾ ਕੇ ਨਤਮਸਤਕ ਹੋਏ ਸਨ ਤੇ ਪੰਜਾਬ ਦੇ ਲੋਕ ਅੱਜ ਤੱਕ ਸਿੱਧੂ ਨੂੰ ਇਸ ਗੱਲ ਲਈ ਮੁਆਫ ਨਹੀਂ ਕਰ ਸਕੇ ਹਨ। ਭਗਵੰਤ ਮਾਨ ਅੱਜ ਪੰਜਾਬ ਤੇ ਪੰਜਾਬੀਅਤ ਨੂੰ ਜਾ ਕੇ ਇਹ ਸੰਦੇਸ਼ ਦੇਣਗੇ ਕਿ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿਚ ਅੱਜ ਸਿੱਖੀ ਡਿੱਗ ਪਈ ਤੇ ਇੰਝ ਲੱਗ ਰਿਹਾ ਸੀ ਕਿ ਕੇਜਰੀਵਾਲ ਸਾਬ੍ਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਭਗਵੰਤ ਮਾਨ ਉਨ੍ਹਾਂ ਦੇ ਪੈਰਾਂ ਵਿਚ ਡਿੱਗਣ ਅਤੇ ਉਹ ਪੰਜਾਬੀਆਂ ਨੂੰ ਇਹ ਸੰਦੇਸ਼ ਦੇਣ ਕਿ ਪੰਜਾਬ ਅੱਜ ਉਨ੍ਹਾਂ ਦੇ ਪੈਰਾਂ ਵਿਚ ਹੈ।
ਸਿਰਸਾ ਨੇ ਅਰਵਿੰਦ ਕੇਜਰੀਵਾਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿਚ ਨਾ ਰਹਿਣ। ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਤਾਂ ਕੇਜਰੀਵਾਲ ਦੇ ਪੈਰਾਂ ਵਿਚ ਡਿੱਗ ਸਕਦਾ ਹੈ ਪਰ ਪੰਜਾਬ ਤੇ ਪੰਜਾਬੀਅਤ ਕਦੇ ਨਹੀਂ। ਸਾਡਾ ਸਿਰ ਹਮੇਸ਼ਾ ਉੱਚਾ ਰਿਹਾ ਹੈ ਤੇ ਰਹੇਗਾ। ਜੇ ਤੁਸੀਂ ਅਜਿਹੀ ਗਲਤਫਹਿਮੀ ਦੇ ਸ਼ਿਕਾਰ ਹੋਏ ਹੋ ਤਾਂ ਇਹ ਜਾਣ ਲਓ ਕਿ ਪੰਜਾਬੀ ਜਿੰਨੀ ਜਲਦੀ ਦਿਲ ਵਿਚ ਬਿਠਾਉਂਦੇ ਹਨ ਓਨੀ ਜਲਦੀ ਉਠਾ ਕੇ ਬਾਹਰ ਵੀ ਸੁੱਟ ਦਿੰਦੇ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਭਗਵੰਤ ਮਾਨ ਦੀ ਇਸ ਹਰਕਤ ਦਾ ਪੰਜਾਬੀ ਜ਼ਰੂਰ ਜਵਾਬ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: