ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਲਕਾ ਧੂਰੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਇਥੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਇਥੋਂ ਚੋਣ ਲੜਨ ਜਾ ਰਹੇ ਹਨ। ਭਗਵੰਤ ਮਾਨ ਦੋ ਵਾਰ ਧੂਰੀ ਤੋਂ ਸਾਂਸਦ ਵੀ ਰਹਿ ਚੁੱਕੇ ਹਨ। ਕਾਂਗਰਸ ਵੱਲੋਂ ਦਲਬੀਰ ਸਿੰਘ ਗੋਲਡੀ ਨੂੰ ਉਨ੍ਹਾਂ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਭਗਵੰਤ ਮਾਨ ਲਈ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਚੋਣ ਪ੍ਰਚਾਰ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਔਰਤ ਨੂੰ 1000 ਰੁਪਏ ਮਹੀਨੇ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਵਿਚ ਇਹ ਪੈਸਾ ਕਿਥੋਂ ਆਏਗਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ‘ਤੇ ਜਿਹੜਾ ਕਰਜ਼ਾ ਚੜ੍ਹਿਆ ਹੋਇਆ ਹੈ ਉਹ ਮੰਤਰੀਆਂ ਤੇ ਵਿਧਾਇਕਾਂ ਦੀਆਂ ਮਹਿਲਾਂ ਤੇ ਗੱਡੀਆਂ ਨੇ ਚੜ੍ਹਾਇਆ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਭੈਣ ਤਾਂ ਭਰਾ ਤੋਂ ਵੀ ਨਿਕਲਗੀ ਦੋ ਕਦਮ ਅੱਗੇ, ਮੇਰਾ ਵੀਰ ਬਣੂਗਾ ਪੰਜਾਬ ਦਾ CM…
ਮਨਪ੍ਰੀਤ ਕੌਰ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਸਰਕਾਰਾਂ ਵੱਲੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਲੋਕਾਂ ਨੂੰ ਪਤਾ ਸੀ ਕਿ ਜੇਕਰ ਉਹ ਬਾਹਰ ਆਉਣਗੇ ਤਾਂ ਮਹਾਮਾਰੀ ਨਾਲ ਮਰਨਗੇ ਤੇ ਜੇ ਉਹ ਅੰਦਰ ਰਹਿੰਦੇ ਹਨ ਤਾਂ ਭੁੱਖ ਨਾਲ ਮਰਨਗੇ। ਕਾਂਗਰਸ ਸਰਕਾਰ ਵੱਲੋਂ ਟੈਕਸ ਤਾਂ ਵਸੂਲੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਨਰਸਾਂ, ਡਾਕਟਰਾਂ ਤੇ ਹੋਰ ਕਈ ਕੋਰੋਨਾ ਵਾਰੀਅਰਸ ਨੂੰ ਕਿਹਾ ਗਿਆ ਸੀ ਕਿ ਕੰਮ ਕਰੋ ਤੇ ਜਦੋਂ ਕੋਰੋਨਾ ਖਤਮ ਹੋ ਗਿਆ ਤਾਂ ਬਾਅਦ ਵਿਚ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ। ਕਾਂਗਰਸ ਸਰਕਾਰ ਦੀ ਨੀਅਤ ਨਹੀਂ ਸਾਫ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਮੇਂ ਸਿਹਤ ਤੇ ਸਿੱਖਿਆ ਜ਼ੀਰੋ ਹੈ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਜਦੋਂ ਨੌਜਵਾਨ ਰੋਜ਼ਗਾਰ ਮੰਗਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਪੈਂਦੀਆਂ ਹਨ। ਜਨਤਾ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਮੁੱਖ ਮੰਤਰੀ ਚੰਨੀ ‘ਤੇ ਤੰਜ ਕੱਸਦਿਆਂ ਮਨਪ੍ਰੀਤ ਕੌਰ ਨੇ ਕਿਹਾ ਕਿ ਚੰਨੀ ਸਾਬ੍ਹ ਕਹਿੰਦੇ ਹਨ ਕਿ ਮੈਂ ਆਮ ਆਦਮੀ ਹਾਂ ਪਰ ਉਹ ਇਹ ਤਾਂ ਦੱਸਣ ਆਮ ਬੰਦੇ ਕੋਲੋਂ ਇੰਨੀ ਕਮਾਈ ਕਿਥੋਂ ਆਈ। ਦਾਅਵਾ ਕੀਤਾ ਕਿ ‘ਆਪ’ ਸਰਕਾਰ ਬਣਨ ‘ਤੇ ਇਹ ਸਭ ਖਤਮ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਆਖਿਰ ਵਿਚ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ‘ਆਪ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਬਦਲਾਅ ਚਾਹੁੰਦੇ ਹਨ ਤੇ ਆਮ ਆਦਮੀ ਪਾਰਟੀ ਨੂੰ ਬਦਲਾਅ ਦੇ ਨਾਂ ‘ਤੇ ਵੋਟਾਂ ਪੈਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੇਰਾ ਵੀਰ ਹੀ ਮੁੱਖ ਮੰਤਰੀ ਬਣੇਗਾ।