ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਧਮਕੀ ਦਿੱਤੀ ਕਿ ਜੇ ਰੂਸ ਨੇ ਯੂਕ੍ਰੇਨ ਖਿਲਾਫ ਹੋਰ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਉਸ ਖਿਲਾਫ਼ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਇਸ ‘ਤੇ ਪੁਤਿਨ ਨੇ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਸਕਦਾ ਹੈ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਨੇੜੇ ਰੂਸੀ ਫੌਜ ਦੀ ਵਧਦੀ ਦਖਲਅੰਦਾਜ਼ੀ ‘ਤੇ ਲਗਭਗ ਇਕ ਘੰਟੇ ਤੱਕ ਖੁੱਲ੍ਹ ਕੇ ਗੱਲਬਾਤ ਕੀਤੀ।
ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਵੱਲੋਂ ਵਾਧੂ ਪਾਬੰਦੀਆਂ ਲਗਾਉਣਾ ਗੰਭੀਰ ਨਤੀਜਿਆਂ ਵਾਲੀ ਇੱਕ ਵੱਡੀ ਗਲਤੀ ਹੋਵੇਗੀ। ਸ਼ਾਕੋਵ ਨੇ ਮਾਸਕੋ ਵਿੱਚ ਪੱਤਰਕਾਰਾਂ ਨੂੰ ਬਾਇਡਨ ਅਤੇ ਪੁਤਿਨ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਤਿਨ ਨੇ ਬਾਇਡਨ ਨੂੰ ਕਿਹਾ ਕਿ ਜੇ ਅਮਰੀਕੀ ਸਰਹੱਦਾਂ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਗਏ ਤਾਂ ਰੂਸ ਵੀ ਅਮਰੀਕਾ ਵਾਂਗ ਕੰਮ ਕਰੇਗਾ।
ਦੂਜੇ ਪਾਸੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਫੋਨ ‘ਤੇ ਹੋਈ ਗੱਲਬਾਤ ਬਾਰੇ ਖੁੱਲ੍ਹ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਨੇਤਾ ਇਸ ਗੱਲ ‘ਤੇ ਸਹਿਮਤ ਹਨ ਕਿ ਬਹੁਤ ਸਾਰੇ ਖੇਤਰ ਹਨ ਜਿੱਥੇ ਦੋਵੇਂ ਧਿਰਾਂ ਸਾਰਥਕ ਤਰੱਕੀ ਕਰ ਸਕਦੀਆਂ ਹਨ, ਪਰ ਅਜਿਹੇ ਮਤਭੇਦ ਵੀ ਹਨ ਜਿਨ੍ਹਾਂ ਨੂੰ ਹੱਲ ਕਰਨਾ ਨਾਮੁਮਕਿਨ ਹੋ ਸਕਦਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਇਡਨ ਨੇ ਰੂਸ ਨੂੰ ਯੂਕ੍ਰੇਨ ਨਾਲ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਜੇ ਰੂਸ ਯੂਕ੍ਰੇਨ ‘ਤੇ ਹਮਲਾ ਕਰਦਾ ਹੈ ਤਾਂ ਅਮਰੀਕਾ, ਉਸਦੇ ਸਹਿਯੋਗੀ ਅਤੇ ਸਾਂਝੇਦਾਰ ਫੈਸਲਾਕੁੰਨ ਰੂਪ ਨਾਲ ਜਵਾਬ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਗੱਲਬਾਤ 9 ਅਤੇ 10 ਜਨਵਰੀ ਨੂੰ ਜਿਨੇਵਾ ਵਿੱਚ ਸੀਨੀਅਰ ਅਮਰੀਕੀ ਅਤੇ ਰੂਸੀ ਅਧਿਕਾਰੀਆਂ ਵਿਚਾਲੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਹੋ ਰਹੀ ਹੈ, ਦੋਵਾਂ ਨੇਤਾਵਾਂ ਨੇ 7 ਦਸੰਬਰ ਨੂੰ ਵੀਡੀਓ ਕਾਲ ‘ਤੇ ਵੀ ਗੱਲਬਾਤ ਕੀਤੀ ਸੀ। ਜੇਨੇਵਾ ਗੱਲਬਾਤ ਤੋਂ ਬਾਅਦ ਰੂਸ-ਨਾਟੋ ਕੌਂਸਲ ਦੀ 12 ਜਨਵਰੀ ਨੂੰ ਬੈਠਕ ਹੋਵੇਗੀ ਅਤੇ ਸੁਰੱਖਿਆ ਅਤੇ ਸਹਿਯੋਗ ਸੰਗਠਨ ਦੀ ਗੱਲਬਾਤ 13 ਜਨਵਰੀ ਨੂੰ ਵਿਆਨਾ ਵਿੱਚ ਹੋਵੇਗੀ। ਇਹ ਗੱਲਬਾਤ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਯੂਕ੍ਰੇਨ ‘ਤੇ ਰੂਸੀ ਹਮਲੇ ਦਾ ਖਤਰਾ ਵਧ ਗਿਆ ਹੈ।